
Hukamnama-September 5, 2009, Saturday 05:00 AM. IST ਸਲੋਕੁ ਮਃ 5 ॥ ਹਰਿ ਨਾਮੁ ਨ ਸਿਮਰਹਿ ਸਾਧ ਸੰਗਿ ਤੈ ਤਨਿ ਉਡੈ ਖੇਹ ॥ ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥1॥ਮਃ 5 ॥ ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥2॥ ਪਉੜੀ ॥ ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥ ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥ ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥ ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥ ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥14॥
ਸ਼ਨੀਵਾਰ, 21 ਭਾਦੋਂ (ਸੰਮਤ 541 ਨਾਨਕਸ਼ਾਹੀ) (ਅੰਗ: 553)
ਪੰਜਾਬੀ ਵਿਆਖਿਆ : ਸਲੋਕੁ ਮਃ 5 ॥ ਜੋ ਮਨੁੱਖ ਸਾਧ ਸੰਗਤਿ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ) । ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ।1।ਹੇ ਨਾਨਕ! (ਜਿਸ ਮਨੁੱਖ ਦੇ) ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵੱਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ, ਅਤੇ ਪ੍ਰਭੂ (ਜਿਸ ਸਰੀਰ ਕਰਕੇ) ਸਿਮਰਿਆ ਜਾਂਦਾ ਹੈ ਉਸ ਸਰੀਰ ਦੀ ਪਾਲਣਾ ਕਰੋ ।2।ਪ੍ਰਭੂ ਆਪ ਹੀ ਅਠਾਹਠ ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ (ਉਹਨਾਂ ਤੀਰਥਾਂ ਤੇ) ਇਸ਼ਨਾਨ ਕਰਦਾ ਹੈ, ਮਾਲਕ ਆਪ ਹੀ ਜੁਗਤੀ ਵਿਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ, ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ, ਜਿਸ ਮਨੁੱਖ ਨੂੰ ਸਤਿਗੁਰੂ ਦੀ ਰਾਹੀਂ ਸਮਝ ਬਖ਼ਸ਼ਦਾ ਹੈ, ਉਹ ਸਦਾ ਦਰਗਾਹ ਵਿਚ ਆਦਰ ਪਾਉਂਦਾ ਹੈ । ਜਿਸ ਦੀ ਲਾਜ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ ।14।
Hukamnama-August 29, 2009, Saturday 05:00 AM. IST ਟੋਡੀ ਮਹਲਾ 5 ॥ ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥ ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥ ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥1॥ ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥ ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ ॥2॥ ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥ ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥3॥ ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥ ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ ॥4॥2॥4॥
ਸ਼ਨਿਚਰਵਾਰ, 14 ਭਾਦੋਂ (ਸੰਮਤ 541 ਨਾਨਕਸ਼ਾਹੀ) (ਅੰਗ: 712)
ਪੰਜਾਬੀ ਵਿਆਖਿਆ : ਟੋਡੀ ਮਹਲਾ 5 ॥ ਹੇ ਭਾਈ! ਜਨਮ-ਮਨੋਰਥ ਨੂੰ ਸਮਝਣ ਤੋਂ ਬਿਨਾ ਮਨੁੱਖ ਜਗਤ ਵਿਚ ਆਇਆ ਵਿਅਰਥ ਹੀ ਜਾਣੋ। ਜਨਮ-ਮਨੋਰਥ ਦੀ ਸੂਝ ਤੋਂ ਬਿਨਾ, ਜੇ ਮਨੁੱਖ ਆਪਣੇ ਸਰੀਰ ਵਾਸਤੇ ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ, ਤਾਂ ਇਉਂ ਹੀ ਹੈ ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ।ਰਹਾਉ। ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇ ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ, ਪਰ ਉਸ ਮਾਇਆ ਨਾਲ ਉਹ ਦਾਨ-ਪੁੰਨ ਨਹੀ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ।1। ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਇੳਂੁ ਹੀ ਹੈ, ਜਿਵੇਂ ਕੋਈ ਇਸਤ੍ਰੀ ਗਹਿਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ, ਸੁੰਦਰਤਾ ਦਾ ਅਡੰਬਰ ਕਰਦੀ ਹੈ, ਪਰ ਉਸ ਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ ਹੈ। ਉਹਨਾਂ ਗਹਿਣਿਆਂ ਆਦਿ ਨੂੰ ਵੇਖ ਵੇਖ ਕੇ ਉਸ ਨੂੰ ਸਗੋਂ ਦੁਖ ਪ੍ਰਤੀਤ ਹੁੰਦਾ ਹੈ।2। ਨਾਮ-ਹੀਨ ਮਨੁੱਖ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਸਾਰਾ ਦਿਨ ਇਹ ਮਜੂਰੀ ਕਰਦਾ ਹੈ ਕਿ ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ ਜਾਂ ਕਿਸੇ ਵਿਗਾਰੀ ਨੂੰ ਵਿਗਾਰ ਵਿਚ ਨਿਰਾ ਕਸ਼ਟ ਹੀ ਮਿਲਦਾ ਹੈ। ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਵਿਚੋਂ ਉਹਨਾਂ ਦੇ ਆਪਣੇ ਕੰਮ ਕੁਝ ਭੀ ਨਹੀਂ ਆਉਂਦਾ।3। ਹੇ ਦਾਸ ਨਾਨਕ! ਆਖ- ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਨਾਮ ਵਸਾਉਂਦਾ ਹੈ, ਉਹ ਮਨੁੱਖ ਸਾਧ ਸੰਗਤਿ ਦੀ ਸ਼ਰਨੀ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ।4।2।4।
Hukamnama-August 16, 2009, Sunday 04:45 AM. IST ਧਨਾਸਰੀ ਮਹਲਾ 5 ॥ ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ੀ ਬਿਪਰੀਤਿ ॥1॥ ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥1॥ ਰਹਾਉ ॥ ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥2॥ ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥3॥ ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥4॥9॥
ਐਤਵਾਰ, 1 ਭਾਦੋਂ (ਸੰਮਤ 541 ਨਾਨਕਸ਼ਾਹੀ) (ਅੰਗ: 673)
ਪੰਜਾਬੀ ਵਿਆਖਿਆ : ਧਨਾਸਰੀ ਮਹਲਾ 5 ॥ ਹੇ ਭਾਈ! ਜਿੰਨ੍ੀਂ ਕੰਮੀਂ ਤੂੰ ਪਰਮਾਤਮਾ ਦੀ ਦਰਗਾਹ ਵਿਚ ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ।1। ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਤੂੰ ਕੁਰਾਹੇ ਪੈ ਗਿਆ ਹੈਂ, ਪਰਮਾਤਮਾ ਨੂੰ ਛੱਡ ਕੇ ਹੋਰ ਵਿਚ ਪਿਆਰ ਪਾ ਰਿਹਾ ਹਂੈ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ, ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਅਕਾਸ਼ ਵਿਚ ਦਿੱਸ ਰਹੀ ਨਗਰੀ ਦੀ ।1।ਰਹਾਉ। ਹੇ ਭਾਈ! ਖੋਤਾ ਮਿੱਟੀ ਵਿਚ ਲੇਟਣ ਨਾਲ ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ ਇਹੀ ਹਾਲ ਤੇਰਾ ਹੈ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈ।2। ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ ਦੇ ਵਿਕਾਰਾਂ ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। ਉਹਨਾਂ ਦੀ ਸੰਗਤਿ ਤੋਂ ਵਾਂਜਿਆ ਰਹਿ ਕੇ ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।3। ਹੇ ਨਾਨਕ! ਆਖ-ਹੇ ਭਾਈ! ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ। ਸੰਗਤਿ ਵਿਚ ਟਿਕ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।4।9।
Hukamnama-August 11, 2009, Tuesday 04:45 AM. IST ਗੂਜਰੀ ਮਹਲਾ 1 ॥ ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥ ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥1॥ ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥1॥ ਰਹਾਉ ॥ ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥ ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥2॥ ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥3॥ ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥4॥ ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇ ਦੇ ਤੋਟਿ ਨਾਹੀ ਭੰਡਾਰ ॥ ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥5॥ ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥ ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥6॥ ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥ ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥7॥ ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥ ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥8॥2॥
ਮੰਗਲਵਾਰ, 27 ਸਾਵਣ (ਸੰਮਤ 541 ਨਾਨਕਸ਼ਾਹੀ) (ਅੰਗ: 503)
ਪੰਜਾਬੀ ਵਿਆਖਿਆ : ਗੂਜਰੀ ਮਹਲਾ 1 ॥ ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ । ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ।1।ਹੇ ਪ੍ਰਭੂ ਜੀ! (ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ । ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ ।1।ਰਹਾਉ।ਹੇ ਕਰਤਾਰ! ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ ਨਾਹ ਧਰਤੀ ਸੀ, ਨਾਹ ਆਕਾਸ਼ ਸੀ, ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ ।2।ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ । ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ।3।ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ । ਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ । (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ।4।ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ । (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ । (ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤਿ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ।5।ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ । (ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ।6।ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ । ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ । ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ।7।(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ । (ਮੈਂ ਇਹ ਅਰਦਾਸ ਕਰਦਾ ਹਾਂ-) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼ । ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ । ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ ਦੇਹ ।8।2।
Hukamnama-August 10, 2009, Monday 04:45 AM. IST ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਹਾਗੜਾ ਮਹਲਾ 9 ॥ ਹਰਿ ਕੀ ਗਤਿ ਨਹਿ ਕੋਉ ਜਾਨੈ ॥ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥1॥ ਰਹਾਉ ॥ ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥1॥ ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥2॥ ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥ ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥3॥1॥2॥
ਸੋਮਵਾਰ, 26 ਸਾਵਣ (ਸੰਮਤ 541 ਨਾਨਕਸ਼ਾਹੀ) (ਅੰਗ: 537)
ਪੰਜਾਬੀ ਵਿਆਖਿਆ : ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਹਾਗੜਾ ਮਹਲਾ 9 ॥ ਹੇ ਭਾਈ! ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ, ਪਰ ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ।1।ਰਹਾਉ। ਹੇ ਭਾਈ! ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ, ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ)-ਇਹ ਉਸ ਦਾ ਨਿੱਤ ਦਾ ਕੰਮ ਹੈ ।1। (ਹੇ ਭਾਈ! ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ । ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ ।2। ਹੇ ਭਾਈ! ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ । ਹੇ ਨਾਨਕ! (ਆਖ-) ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ ।3।1।2।
;
|
|