ਜੇ ਕੋਈ ਲੇਖਕ, ਰੰਗਕਰਮੀ, ਆਲੋਚਕ ਨਾ ਸਿਰਫ਼ ਆਪਣੇ ਖੇਤਰ ਵਿਚ ਕਾਰਜਸ਼ੀਲ ਹੋਵੇ, ਬਲਕਿ ਆਪਣੇ ਸਹਿਕਰਮੀਆਂ ਨੂੰ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਵੀ ਜੱਥੇਬੰਦ ਅਤੇ ਲਾਮਬੰਦ ਕਰਦਾ ਹੋਵੇ ਤਾਂ ਉਸ ਬਾਰੇ ਕਿਹਾ ਜਾਂਦਾ ਹੈ, ਇਹ ਵਿਆਕਤੀ ਨਹੀਂ ਸੰਸਥਾ ਹੈ।ਪਰ ਤੇਰਾ ਸਿੰਘ ਚੰਨ ਨੇ ਪੰਜਾਬੀ ਸਭਿਆਚਾਰ, ਸਾਹਿਤ ਅਤੇ ਰੰਗਮੰਚ ਰਾਂਹੀ ਸਾਮਜ ਅਤੇ ਲੋਕਾਈ ਦੀ ਬਿਹਤਰੀ ਵਾਸਤੇ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਾ ਕੇਵਲ ਕਲਮ ਚਲਾਈ, ਰੰਗਮੰਚ ਕੀਤਾ ਸਗੋਂ ਪ੍ਰਗਤੀਸ਼ੀਲ ਲੇਖਕ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਲੇਖਕ ਚੰਡੀਗੜ੍ਹ ਅਤੇ ਇਪਟਾ ਵਰਗੀਆਂ ਸਾਹਿੱਤਕ ਅਤੇ ਰੰਗਮੰਚੀ ਸੰਸਥਾਵਾਂ ਦਾ ਬੂਟਾ ਲਾ ਕੇ ਪ੍ਰਵਾਨ ਚੜਾਇਆ। ਜੋ ਸੱਜਣ ਚੰਨ ਸਹਿਬ ਨੂੰ ਉਪਰੋ ਉਪਰੋ ਹੀ ਜਾਣਿਆ ਨੇ, ਦੂਰੋਂ-ਦੂਰੋਂ ਹੀ ਵਾਚਿਆ ਨੇ, ਉਹ ਸਮਝਦੇ ਸਨ, ਤੇਰਾ ਸਿੰਘ ਚੰਨ ਸਿਰਫ਼ ਇਪਟਾ ਪੰਜਾਬ ਦੇ ਬਾਨੀ, ਇਪਟਾ ਦੀ ਕੇਂਦਰੀ ਕਮੇਟੀ ਦੇ ਸਰਪ੍ਰਸਤ ਹੀ ਸਨ, ਪੰਜਬੀ ਲੇਖਕ ਸਭਾ ਚੰਡੀਗੜ੍ਹ ਦੇ ਰਹਿਨੁਮਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਲੰਮਾ ਅਰਸਾ ਸਕੱਤਰ ਹੀ ਰਹੇ। ਇਹ ਸਿਰਫ ਇਕ ਪਾਸਾ ਹੈ ਉਨ੍ਹਾਂ ਦੀ ਜ਼ਿਦਗੀ ਦਾ, ਅਧੂਰੀ ਚਰਚਾ ਹੈ ਉਹਨਾ ਦੇ ਜੀਵਨ ਦੀ।
ਜਦ ਕਿਸੇ ਪ੍ਰੀਵਾਰ ਵਿਚ ਕੋਈ ਬੱਚਾ ਨਾ ਬੱਚਦਾ ਹੋਵੇ ਤਾਂ ਕੋਈ ਉਸ ਦਾ ਨਾਂ ਮੰਗਤਾ ਰੱਖਦਾ ਹੈ, ਕੋਈ ਕੂੜਾ, ਕੋਈ ਰੂੜਾ, ਕੋਈ ਚੂੜਾ। ਕਈ ਬੱਚਿਆਂ ਦੇ ਨਾ ਬੱਚਣ ਦੇ ਬਾਦ ਚੰਨ ਸਾਹਿਬ ਦੇ ਪੈਦਾ ਹੋਣ ‘ਤੇ ਉਹਨਾਂ ਦੇ ਮਾਪਿਆਂ ਨੇ ਸ਼ੁਕਰ ਕੀਤਾ ਉਪੱਰ ਵਾਲੇ ਦਾ ਤੇ ਕਿਹਾ, “ਸੱਚੇ ਪਾਤਸ਼ਾਹ ਇਹ ਤੇਰਾ ਈ ਸਿੰਘ ਐ”, ਇਸ ਤਰ੍ਹਾਂ ਚੰਨਂ ਸਾਹਿਬ ਦਾ ਨਾਂ ਤੇਰਾ ਸਿੰਘ ਚੰਨ ਰੱਖਿਆ ਗਿਆ ਗਿਆ। ਅਕਾਲੀ ਕਹਿ ਕੇ ਵੀ ਸੱਦਿਆ ਜਾਂਦਾ ਸੀ ਉਹਨਾਂ ਨੂੰ। ਚੂੜਕਾਨਾ ਸੱਚਾ ਸੌਦਾ ਗੁਰਦੁਆਰੇ ਵਿੱਚ ਮੁਢਲੀ ਪੜ੍ਹਾਈ ਕੀਤੀ। ਭੁਆ ਦੇ ਕੋਈ ਔਲਾਦ ਨਹੀਂ ਸੀ। ਉਹ ਅੰਮ੍ਰਿਤਸਰ ਲੈ ਗਈ। ਬਾਕੀ ਤਾਲੀਮ ਉਥੇ ਹੀ ਹਾਸਿਲ ਕੀਤੀ।
ਜਿਹੜਾ ਕਲਾਕਾਰ ਰਹਿਸਲ ਦੌਰਾਨ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਆਮ ਤੌਰ ’ਤੇ ਕਿਹਾ ਜਾਂਦਾ ਹੈ, “ਯਾਰ ਇਹ ਰਾਮਲੀਲਾ ਨ੍ਹੀਂ ਨਾਟਕ ਐ ਨਾਟਕ”। ਪਰ ਰਾਮਲੀਲਾ ਦਾ ਅਸਰ ਰੰਗਕਰਮੀ ਦੇ ਮਨ ‘ਤੇ ਸੁਚੇਤ ਜਾਂ ਅਚੇਤ ਰੂਪ ਪੈਂਦਾ ਹੀ ਪੈਂਦਾ ਹੈ। ਚੰਨ ਸਾਹਿਬ ਵੀ ਰਾਮਲੀਲਾ ਤੋਂ ਮੁਤਾਸਰ ਹੋਏ। ਉਹਨਾਂ ਚੂੜਕਾਨਾ ‘ਚ ਰਾਮਲੀਲਾ ਵਿੱਚ ਰੋਲ ਵੀ ਕੀਤੇ। ਉਹਨਾਂ ਦੇ ਜ਼ਿਹਨ ‘ਤੇ ਰਾਸਾ ਤੇ ਨਕਲਾਂ ਦਾ ਪ੍ਰਭਾਵ ਵੀ ਪਿਆ।
ਪੰਜਾਬੀ ਰੰਗਮੰਚ ਨੂੰ ਲੋਕਾਂ ਤੱਕ ਲੈ ਕੇ ਜਾਣ ਵਿੱਚ ਚੰਨ ਸਾਹਿਬ ਨੇ ਅਪਣੀ ਸਮਰੱਥਾ ਮੁਤਾਬਿਕ ਅਹਿਮ ਤੇ ਜ਼ਿਕਰ ਯੋਗ ਹਿੱਸਾ ਪਾਇਆ। ਉਹਨਾਂ ਦੇ ਪ੍ਰਮੁੱਖ ਓਪੇਰੇ ਲਕੜ ਦੀ ਲੱਤ, ਅਮਰ ਪੰਜਾਬ, ਸਾਜ਼ਿਸ਼, ਨੀਲ ਦੀ ਸਹਿਜ਼ਾਦੀ, ਆਖਰੀ ਪੜ੍ਹਾ, ਕਾਗ ਸਮੇਂ ਦਾ ਬੋਲਿਆ ਹਨ। ਉਹਨਾਂ ਆਪਣੀ ਨਿਰਦੇਸ਼ਨਾਂ ਹੇਠ ਇਪਟਾ ਦੀ ਨਾਟ-ਟੋਲੀ ਨਾਲ ਇਹਨਾਂ ਓਪੇਰਿਆਂ ਦੇ ਦੇਸ਼ਭਰ ਵਿੱਚ ਅਨੇਕਾਂ ਮੰਚਣ ਕੀਤੇ। ਉਹਨਾਂ ਦੀ ਨਾਟ ਟੋਲੀ ਵਿਚ ਲੋਕ ਗਾਇਕਾ ਸੁਰਿੰਦਰ ਕੌਰ, ਅਮਰਜੀਤ ਗੁਰਦਾਸਪੂਰੀ, ਜਗਦੀਸ਼ ਫਰਿਆਦੀ ਤੇ ਫਰਿਆਦੀ ਦੀ ਪਤਨੀ ਆਸ਼ਾ, ਜੁਗਿੰਦਰ ਬਾਹਰਲਾ, ਹੁਕਮ ਚੰਦ ਖਲੀਲੀ, ਰਜਿੰਦਰ ਕੌਰ, ਪ੍ਰੋ. ਨਰਜੰਨ ਸਿੰਘ ਮਾਨ, ਨਵਤੇਜ, ਮਹਿੰਦਰ ਕੌਰ ਤੇ ਉਹਨਾਂ ਦੇ ਦੋਵੇ ਬੱਚੇ ਪ੍ਰਮੁੱਖ ਕਲਾਕਾਰ ਸਨ। ਜੇ ਕਿਸੇ ਨੇ ਪੰਜਾਬ ਵਿਚ ਪਹਿਲੀ ਵਾਰ ਸਿਨਮਾ ਬੁੱਕ ਕਰਕੇ ਟਿਕਟਾਂ ਵੇਚਕੇ ਨਾਟਕ ਕੀਤੇ ਤਾਂ ਉਹ ਚੰਨ ਸਾਹਿਬ ਸਨ। ਸਾਰੀਆ ਹੀਰਾਂ ‘ਤੇ ਅਧਾਰਿਤ ਵੀ ਨੇ ਨਾਟਕ ਲਿਖਕੇ ਮੰਚਣ ਕੀਤਾ।
ਤੇਰਾ ਸਿੰਘ ਚੰਨ ਨੇ ਸਿਰਫ ਰੰਗਮੰਚ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਅਜ਼ਾਦੀ ਲਹਿਰ ਵਿੱਚ ਵੀ ਹਿੱਸਾ ਪਾਇਆ। ਉਹਨਾਂ ਨਾ-ਮਿਲਵਰਤਣ ਅਧੀਨ ਜੇਲ੍ਹ ਕੱਟੀ। ਜੇਲ੍ਹ ਤਾਂ ਉਹਨਾਂ 1962 ਦੀ ਚੀਨ ਭਾਰਤ ਲੜਾਈ ਦੌਰਾਨ ਵੀ ਕੱਟੀ, ਖੱਬੇ ਪੱਖੀ ਵਿਚਾਰਧਾਰਾ ਦਾ ਦਾ ਧਾਰਨੀ ਹੋਣ ਕਰਕੇ ਦੇਸ਼ ਧਰੋਹੀ ਦੇ ਦੋਸ਼ ਵਿਚ। ਸਾਹਿਤ ਤੇ ਕਲਾ ਦਾ ਖੱਬੇ ਪੱਖੀ ਵਿਚਾਰਧਾਰਾ ਨਾਲ ਬਹੁਤ ਗਹਿਰਾ ਸੰਬੰਧ ਹੈ। ਸਹਿਤਕਾਰ ਤੇ ਕਲਾਕਾਰ ਦੇ ਦਿਮਾਗ ਤੇ ਕਪਾਟ ਖੁੱਲੇ ਹੋਣੇ ਚਾਹੀਦੇ ਹਨ, ਦਿਮਾਗ ਦੇ ਕਪਾਟ ਖੁੱਲੇ ਹੋਣਗੇ ਤਾਂ ਦਿਮਾਗ ਵਿੱਚ ਰੌਸ਼ਨੀ ਦੀ ਕਿਰਣ ਦਾਖਲ ਹੋਵੇਗੀ, ਰੌਸ਼ਨੀ ਦੀ ਕਿਰਣ ਦਾਖਿਲ ਹੋਵੇਗੀ ਤਾਂ ਹੀ ਕਲਮ ਦੱਬੇ ਕੁਚਲਿਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰੇਗਾ, ਸਮਾਜਵਾਦ ਦਾ ਹਾਮੀ ਹੋਵੇਗਾ, ਕਲਿਆਣਕਾਰੀ ਸਮਾਜ ਦਾ ਮੁਦੱਈ ਹੋਵੇਗਾ। ਇਨ੍ਹਾਂ ਕੁਝ ਹੋਣਾ ਕਾਫੀ ਹੈ ਖੱਬ-ਪੱਖੀ ਹੋਣ ਦਾ ‘ਇਲਜ਼ਾਮ’ ਲਾਉਣ ਵਾਸਤੇ। ਹਿੰਦ-ਚੀਨ ਜੰਗ ਦੌਰਾਨ ਖੱਬੇ-ਪੱਖੀਆਂ ਨੇ ਚੀਨ ਦਾ ਪੱਖ ਪੂਰਿਆ ਸੀ ਪਰ ਚੰਨ ਸਾਹਿਬ ਉਹਨਾਂ ਵਿਅਕਤੀਆ ਵਿੱਚ ਸ਼ਾਮਿਲ ਨਹੀਂ ਸਨ ਫੇਰ ਵੀ ਉਹਨਾਂ ਨੂੰ ਚੀਨ ਦਾ ਪੱਖ ਪੂਰਨ ਦੇ ਇਲਜ਼ਾਮ ਵਿੱਚ ਜੇਲ੍ਹ ਦੀ ਹਵਾ ਖਾਣੀ ਪਈ। ਇਕ ਦਿਨ ਚੰਨ ਸਾਹਿਬ ਨੇ ਜੇਲ੍ਹ ਵਿੱਚ ਰੇਡਿਓ ਚਲਾਇਆ ਤਾਂ ਉਹਨਾਂ ਦਾ ਲਿਖਿਆ ਗੀਤ ਵੱਜ ਰਿਹਾ ਸੀ ‘ਹੇ ਪਿਆਰੀ ਮਾਂ’। ਜੰਗ ਦੇ ਦਿਨਾਂ ਵਿੱਚ ਦੇਸ਼ ਭਗਤੀ ਦੇ ਗੀਤ ਹੀ ਵੱਜਦੇ ਸਨ ਵੱਜਣੇ ਵੀ ਚਾਹੀਦੇ ਹਨ। ਪਰ ਮੌਕੇ ਦੀ ਸਰਕਾਰ ਦਾ ਸਿਮਤ ਵੇਖੋ ‘ਹੇ ਪਿਆਰੀ ਭਾਰਤ ਮਾਂ’ ਗੀਤ ਤਾਂ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਵਾਸਤੇ ਰੇਡਿਓ ਤੋਂ ਸੁਣਾਇਆ ਜਾ ਰਿਹਾ ਹੈ ਪਰ ਉਸ ਗੀਤ ਦੇ ਰਚੇਤਾ ਤੇਰਾ ਸਿੰਘ ਚੰਨ ਨੂੰ ਦੇਸ਼ ਨਾਲ ਗਦਾਰੀ ਕਰਨ ਬਦਲੇ ਸੀਖਾਂ ਪਿੱਛੇ ਸੁਟਿਆ ਹੋਇਆ ਸੀ।
ਉਹ ਤਮਾਮ ਉਮਰ ਖੱਬੇ-ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਰਹੇ। ਖੱਬੇ-ਪੱਖੀ ਸਾਥੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਰਹੇ। ਜਿੱਥੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੀ ਕਲਾ ਨੂੰ ਨਿਖਾਰਨ ਵਾਸਤੇ ਮੌਕਾ ਤੇ ਮੰਚ ਮੁਹੱਈਆ ਕੀਤਾ। ਉੱਥੇ ਆਪਣੇ ਕੁਝ ਸਾਥੀਆਂ ਕਾਰਨ ਉਹਨਾਂ ਨੂੰ ਦੁੱਖ ਵੀ ਪਹੁੰਚਿਆ, ਤਕਲੀਫ਼ ਵੀ ਹੋਈ। ਕੁਝ ਘਟਨਾਵਾਂ ਦਾ ਚੰਨ ਸਾਹਿਬ ਨੇ ਮੇਰੇ ਕੋਲ ਜ਼ਿਕਰ ਵੀ ਕੀਤਾ। ਚੰਨ ਸਾਹਿਬ ਅਨੁਸਾਰ ਇਕ ਵਾਰ ਮੋਗੇ ਕਾਨਫਰੰਸ ਉਹਨਾਂ ਨੂੰ ਨਾਟਕ ਕਰਨ ਦਾ ਸੱਦਾ ਮਿਲਿਆ, ਉਹ ਆਪਣੀ ਟੀਮ ਲੈਕੇ ਪਹੁੰਚੇ। ਉਹਨਾਂ ਦੇ ਪ੍ਰਬੰਧਕਾਂ ਨੇ ਸ਼ਰਤ ਲਗਾਈ, ਨਾਟਕ ਵਿੱਚ ਕੁੜੀਆਂ ਕੰਮ ਨਹੀਂ ਕਰਨਗੀਆਂ ਪਰ ਚੰਨ ਸਾਹਿਬ ਨੇ ਉਹਨਾਂ ਦੀ ਸ਼ਰਤ ਸਵੀਕਾਰ ਨਹੀਂ ਕੀਤੀ, ਨਾਟਕ ਵਿੱਚ ਲੜਕੀਆਂ ਨੇ ਕੰਮ ਕੀਤਾ। ਇਸੇ ਤਰ੍ਹਾਂ ‘ਹੀਰ’ ਨਾਟਕ ਸਮੇਂ ਅੰਤਲੇ ਦ੍ਰਿਸ਼ ਵਿਚ ਹੀਰ ਮਰੇ ਹੋਏ ਰਾਂਝੇ ਦੇ ਉਪਰ ਗਿਰਦੀ ਹੈ। ਇਕ ਖੱਬੇ-ਪੱਖੀ ਵਿਚਾਰਧਾਰਾ ਦੀ ਧਾਰਨੀ ਬੀਬੀ ਨੇ ਇਤਰਾਜ਼ ਕੀਤਾ, ਮੁੰਡੇ ਉੱਤੇ ਕੁੜੀ ਨੂੰ ਸੁਟਿੱਆ ਗਿਆ। ਬਹੁਤ ਵਾਵੇਲਾ ਹੋਇਆ ਪਰ ਚੰਨ ਸਾਹਿਬ ਦੀ ਕਿਸਮਤ ਚੰਗੀ ਸੀ, ਰਾਂਝੇ ਦਾ ਰੋਲ ਵੀ ਕੁੜੀ ਹੀ ਕਰ ਰਹੀ ਸੀ। ਜਦ ਇਹ ਦੱਸਿਆ ਗਿਆ, ਲੜਕੀ ‘ਤੇ ਲੜਕੀ ਹੀ ਡਿੱਗੀ ਹੈ ਤਾਂ ਕਿਤੇ ਜਾ ਕੇ ਮਾਮਲਾ ਠੰਡਾ ਹੋਇਆ। ਨਹੀਂ ਤਾਂ ਚੰਨ ਸਾਹਿਬ ਦੀ ਖ਼ੈਰ ਨਹੀਂ ਸੀ। ਚੰਨ ਸਾਹਿਬ ਦੇ ਕੁੱਝ ਸਾਥੀਆਂ ਨੇ ਆਪਣਿਆਂ ਜ਼ਿਲਿਆਂ ਵਿੱਚ ਉਹਨਾਂ ਦੇ ਗੀਤ ‘ਹੇ ਪਿਆਰੀ ਭਾਰਤ ਮਾਂ’ ਉੱਤੇ ਸਿਰਫ ਤੇ ਸਿਰਫ ਇਸ ਕਾਰਕੇ ਪਾਬੰਧੀ ਲੱਗਾ ਦਿੱਤੀ ਕਿ ਉਸ ਗੀਤ ਵਿੱਚ ਗਾਂਧੀ ਦਾ ਜ਼ਿਕਰ ਸੀ। ਪਰ ਇਹਨਾਂ ਛੋਟੀਆਂ-ਮੋਟੀਆਂ ਰੋਕਾਂ-ਟੋਕਾਂ ਦੇ ਬਾਵਜੂਦ ਵੀ ਚੰਨ ਸਾਹਿਬ ਨੇ ਪੰਜਾਬੀ ਰੰਗਮੰਚ ਰੂਪੀ ਬਿਖੜੇ ਪੰਧ ‘ਤੇ ਆਪਣਾ ਸਫਰ ਨਿਰੰਤਰ ਜਾਰੀ ਰੱਖਿਆ।
19 ਸਾਲ ਦੀ ਚੜਦੀ ਉਮਰ ਵਿਚ ਤੇਰਾ ਸਿੰਘ ਚੰਨ ਨੇ ਰੰਗਮੰਚ ਅਤੇ ਸਾਹਿਤ ਦੇ ਖੇਤਰ ਵਿਚ ਪੈਰ ਰੱਖਣ ਤੋਂ ਬਾਦ ਮੁੜ ਪਿਛਾਂਹ ਨਹੀਂ ਵੇਖਿਆਂ। ਲਗਾਤਾਰ 70 ਸਾਲ ਅੰਤਿਮ ਸਾਹਾਂ ਤੱਕ ਕਰਜਸੀਲ ਰਹੇ ਤੇਰਾ ਸਿੰਘ ਚੰਨ ਆਪਣੀ ਮਿਸਾਲ ਆਪ ਹੀ ਹਨ।ਬੇਸ਼ਕ ਉਨ੍ਹਾਂ ਦੇ ਵਿਛੋੜੇ ਕਾਰਣ ਜਿਹੜਾ ਖੱਪਾ ਰੰਗਮੰਚ ਅਤੇ ਸਾਹਿਤ ਦੇ ਖੇਤਰ ਵਿਚ ਪਿਆ ਹੈ। ਉਹ ਪੂਰਿਆ ਤਾਂ ਨਹੀਂ ਜਾ ਸਕਦਾ। ਪਰ ਉਨ੍ਹਾਂ ਨੂੰ ਸੱਚੀ-ਸੁੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ ਸਾਹਿਤਕਰਮੀ ਅਤੇ ਰੰਗਕਰਮੀ ਉਨ੍ਹਾਂ ਲੀਹਾਂ ‘ਤੇ ਸਿਦਕ ਅਤੇ ਸਿਰੜ ਨਾਲ ਤੁਰਨ ਜਿਹੜੀਆ ਚੰਨ ਸਾਹਿਬ ਨੇ ਪਾਇਆ ਹਨ।
ਸੰਜੀਵਨ ਸਿੰਘ
94714-60656



