ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੀ ਪੰਜ ਸਾਲਾ ਮਿਆਦ ਦਾ ਅੱਧਾ ਸਮਾਂ ਪੂਰਾ ਕਰ ਲਿਆ ਹੈ। ਸਰਕਾਰ ਕੋਲ ਕੰਮ ਕਰਨ ਲਈ ਹੁਣ ਲੱਗਭੱਗ ਡੇਢ ਸਾਲ ਦਾ ਸਮਾਂ ਹੀ ਬਚਿਆ ਹੈ। ਆਖਰੀ ਸਾਲ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਦੀ ਭੇਂਟ ਹੀ ਚੜ੍ਹ ਜਾਣਾ ਹੈ। ਇਸ ਸਮੇਂ ਪੰਜਾਬ ਵਿੱਚ ਪੱਛੜੇ ਵਰਗਾਂ ਨੂੰ ਨਾਲ ਜੋੜਨਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਪਿਛਲੇ ਢਾਈ ਸਾਲ ਦੇ ਕਾਰਜਕਾਲ ਵਿੱਚ ਬੇਸ਼ੱਕ ਸਰਕਾਰ ਵੱਲੋਂ ਪੱਛੜੇ ਸਮਾਜ ਦੇ ਮਸਲਿਆਂ ਨੂੰ ਹੱਲ ਕਰਨ ਲਈ ਕਾਫੀ ਤਵੱਜੋਂ ਦਿੱਤੀ ਗਈ ਹੈ, ਪ੍ਰੰਤੂ ਫਿਰ ਵੀ ਇਨ੍ਹਾਂ ਵਰਗਾਂ ਦੇ ਹਾਲਾਤ ਸੁਧਾਰਨ ਲਈ ਹੋਰ ਵੱਡੇ ਯਤਨਾਂ ਦੀ ਜ਼ਰੂਰਤ ਹੈ। 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੱਛੜੇ ਸਮਾਜ ਦੀ ਹਮਾਇਤ ਕਾਰਨ ਹੀ ਅਕਾਲੀ-ਭਾਜਪਾ ਗੱਠਜੋੜ ਨੂੰ ਜਿੱਤ ਪ੍ਰਾਪਤ ਹੋਈ ਸੀ। ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੇ ਸਮਾਜ ਲਈ ਇੱਕ ਵਿਆਪਕ ਏਜੰਡਾ ਉਲੀਕਿਆ ਗਿਆ ਸੀ। 2007 ਦੇ ਚੋਣ-ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੇ ਸਮਾਜ ਦੀ ਭਲਾਈ ਲਈ ਕਈ ਵੱਡੇ ਵਾਅਦੇ ਕੀਤੇ ਗਏ ਸਨ। ਚੋਣ-ਪੱਤਰ ਮੁਤਾਬਿਕ ਕੀਤੇ ਗਏ ਵਾਅਦੇ ਇਸ ਤਰ੍ਹਾਂ ਹਨ:-
* ਪੱਛੜੇ ਸਮਾਜ ਦੀਆਂ ਕਲੋਨੀਆਂ ਸਮੇਤ ਹਰ ਅਨੁਸੂਚਿਤ ਅਤੇ ਜਨ-ਜਾਤੀ ਪਰਿਵਾਰਾਂ ਨੂੰ ਪੀਣ ਵਾਲੇ ਸਾਫ ਸੁੱਥਰੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
* ਹਰ ਇੱਕ ਅਨੁਸੂਚਿਤ ਅਤੇ ਜਨ-ਜਾਤੀ ਪਰਿਵਾਰ ਨੂੰ ਫਲੱਸ਼, ਲੈਟਰੀਨ ਬਣਾ ਕੇ ਦਿੱਤੀ ਜਾਵੇਗੀ।
* ਕਿੱਤਾ ਮੁੱਖੀ ਟ੍ਰੇਨਿੰਗ ਕੇਂਦਰ-ਅਨੁਸੂਚਿਤ ਅਤੇ ਜਨ-ਜਾਤੀ ਅਤੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਬੱਚਿਆਂ ਨੂੰ ਇੰਜੀਨੀਅਰਿੰਗ ਅਤੇ ਹੋਰ ਪ੍ਰੋਫੈਸ਼ਨਲ ਕਾਲਜਾਂ ਅਤੇ ਸੰਸਥਾਵਾਂ ਵਿੱਚ ਦਾਖਲੇ ਨਹੀਂ ਮਿਲ ਸਕਦੇ, ਉਨ੍ਹਾਂ ਦੀ ਟ੍ਰੇਨਿੰਗ ਲਈ ਪੰਜਾਬ ਵਿੱਚ ਪ੍ਰੋਫੈਸ਼ਨਲ ਟ੍ਰੇਨਿੰਗ ਕੇਂਦਰ ਖੋਲ੍ਹੇ ਜਾਣਗੇ।
* ਹਰ ਅਨੁਸੂਚਿਤ ਅਤੇ ਜਨ-ਜਾਤੀ ਪਰਿਵਾਰ ਨੂੰ ਬਿਜਲੀ ਦੇ 400 ਯੂਨਿਟ ਪ੍ਰਤੀ ਬਿੱਲ ਮੁਫਤ ਦਿੱਤੇ ਜਾਣਗੇ ਅਤੇ ਇਸ ਵਾਸਤੇ ਕੋਈ ਸ਼ਰਤ ਨਹੀਂ ਰੱਖੀ ਜਾਵੇਗੀ।
* ਹਰ ਬੇਘਰੇ ਅਨੁਸੂਚਿਤ ਅਤੇ ਜਨ-ਜਾਤੀ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਬਾਕੀਆਂ ਨੂੰ ਘਰ ਬਣਾਉਣ ਲਈ ਖੁੱਲ੍ਹੀਆਂ ਗਰਾਟਾਂ ਦਿੱਤੀਆਂ ਜਾਣਗੀਆਂ।
* ਵਿਸ਼ੇਸ਼ ਕੰਪੋਨੈਂਟ ਸਕੀਮ ਨੂੰ ਸਿਰਫ ਅਨੁਸੂਚਿਤ ਅਤੇ ਜਨ-ਜਾਤੀ ਉ¤ਤੇ ਹੀ ਖਰਚ ਕੀਤਾ ਜਾਵੇਗਾ।
* ਸ਼ਗਨ ਸਕੀਮ ਹੇਠ ਹਰ ਅਨੁਸੂਚਿਤ, ਜਨ-ਜਾਤੀ ਅਤੇ ਗਰੀਬ ਪਰਿਵਾਰ ਦੀ ਬੱਚੀ ਦੇ ਵਿਆਹ ਤੇ 15000 ਰੁਪਏ ਸ਼ਗਨ ਵੱਜੋਂ ਦਿੱਤੇ ਜਾਣਗੇ ਅਤੇ ਇਸ ਸਕੀਮ ਬਾਰੇ ਮੌਜੂਦਾ ਸਰਕਾਰ ਵੱਲੋਂ ਆਮਦਨ ਸਬੰਧੀ ਲਗਾਈਆਂ ਸ਼ਰਤਾਂ ਖਤਮ ਕੀਤੀਆਂ ਜਾਣਗੀਆਂ।
* ਹਰ ਵਿਧਾਨ ਸਭਾ ਹਲਕੇ ਵਿੱਚ ਅਨੁਸੂਚਿਤ, ਜਨ-ਜਾਤੀ ਅਤੇ ਗਰੀਬ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕੁਆਲਟੀ ਐਜੂਕੇਸ਼ਨ ਸਕੂਲ ਖੋਲ੍ਹਿਆ ਜਾਵੇਗਾ।
* ਅਨੁਸੂਚਿਤ, ਜਨ-ਜਾਤੀ, ਓ.ਬੀ.ਸੀ. ਅਤੇ ਆਰਥਿਕ ਤੌਰ ’ਤੇ ਪੱਛੜੇ ਵਰਗ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੱਕ ਮੁਫਤ ਵਿੱਦਿਆ ਦੇਣ ਲਈ ਇੱਕ ਵਿਸ਼ੇਸ਼ ਸਕੀਮ ਤਿਆਰ ਕੀਤੀ ਜਾਵੇਗੀ।
* ਅਨੁਸੂਚਿਤ ਅਤੇ ਜਨ-ਜਾਤੀ ਵਰਗ ਨਾਲ ਸਬੰਧਿਤ ਹੋਣਹਾਰ ਵਿਦਿਆਰਥੀਆਂ ਲਈ ਵਿਸ਼ੇਸ਼ ਵਜੀਫਾ ਸਕੀਮ ਸ਼ੁਰੂ ਕੀਤੀ ਜਾਵੇਗੀ, ਜਿਸ ਅਧੀਨ ਸਬੰਧਿਤ ਵਿਦਿਆਰਥੀਆਂ ਨੂੰ ਦੇਸ਼ ਜਾਂ ਵਿਦੇਸ਼ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲਈ ਵੱਡੀ ਪੱਧਰ ’ਤੇ ਮਾਇਕ ਪੈਕੇਜ ਦਿੱਤਾ ਜਾਵੇਗਾ। ਅਜਿਹੇ ਵਿਦਿਆਰਥੀਆਂ ਨੂੰ ਸਹਿਕਾਰੀ ਬੈਂਕਾਂ-ਕਮਰਸ਼ੀਅਲ ਤੋਂ ਸਸਤੀ ਦਰ ਤੇ ਕਰਜ਼ੇ ਮੁੱਹਈਆ ਕਰਵਾਏ ਜਾਣਗੇ।
* ਅਨੁਸੂਚਿਤ ਅਤੇ ਜਨ-ਜਾਤੀ ਬਜ਼ੁਰਗਾਂ ਨੂੰ ਅੱਧੇ ਕਿਰਾਏ ਉ¤ਤੇ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇਗੀ।
* ਗਰੀਬਾਂ ਨੂੰ ਆਟਾ 4 ਰੁਪਏ ਪ੍ਰਤੀ ਕਿਲੋ ਅਤੇ ਦਾਲ 20 ਰੁਪਏ ਕਿਲੋ ਪ੍ਰਤੀ ਦਿੱਤੀ ਜਾਵੇਗੀ।
* ਆਦਰਸ਼ ਸਕੂਲਾਂ ਵਿੱਚ ਪੇਂਡੂ ਪਿਛੋਕੜ ਵਾਲੇ ਗਰੀਬ, ਅਨੁਸੂਚਿਤ, ਜਨ-ਜਾਤੀ ਅਤੇ ਪੱਛੜੇ ਵਰਗਾਂ ਦੇ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਲਈ ਲੋੜੀਂਦਾ ਰਾਖਵਾਂਕਰਨ ਕੀਤਾ ਜਾਵੇਗਾ।
* ਆਰਥਿਕ ਤੌਰ ਤੇ ਪੱਛੜੇ ਲੋਕਾਂ ਦੀ ਸਹੂਲਤ ਲਈ 500 ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਸਿਹਤ ਫੰਡ ਕਾਇਮ ਕੀਤਾ ਜਾਵੇਗਾ। ਇਸ ਫੰਡ ਰਾਹੀਂ ਗਰੀਬ ਕਿਸਾਨ, ਅਨੁਸੂਚਿਤ, ਜਨ-ਜਾਤੀ ਅਤੇ ਪੱਛੜੇ ਵਰਗਾਂ ਲਈ ਇੱਕ ਨਿਵੇਕਲੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ।
ਚੋਣ ਪੱਤਰ ਵਿੱਚ ਦਰਜ ਇਨ੍ਹਾਂ ਵਾਅਦਿਆਂ ਵਿੱਚੋਂ ਜ਼ਿਆਦਾਤਰ ਵਾਅਦੇ ਪਿਛਲੇ ਢਾਈ ਸਾਲਾਂ ਦੌਰਾਨ ਪੂਰੇ ਨਹੀਂ ਕੀਤੇ ਜਾ ਸਕੇ। ਬੇਸ਼ੱਕ ਇਸ ਸਬੰਧ ਵਿੱਚ ਸਰਕਾਰ ਕੋਲ ਕਈ ਤਰਕ ਹਨ, ਪ੍ਰੰਤੂ ਫਿਰ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਮਜ਼ਬੂਤੀ ਲਈ ਇਹ ਜ਼ਰੂਰੀ ਹੈ ਕਿ ਚੋਣ ਪੱਤਰ ਵਿੱਚ ਦਰਜ ਵਾਅਦਿਆਂ ਉ¤ਤੇ ਰੁ-ਬ-ਰੂ ਅਮਲ ਕੀਤਾ ਜਾਵੇ। ਸਰਕਾਰ ਦੇ ਗਠਨ ਸਮੇਂ ਇਹ ਵਾਇਦਾ ਕੀਤਾ ਗਿਆ ਸੀ ਕਿ ਚੋਣ ਪੱਤਰ ਵਿੱਚ ਦਰਜ ਸਾਰੇ ਵਾਅਦੇ 6 ਮਹੀਨੇ ਦੇ ਅੰਦਰ ਪੂਰੇ ਕਰ ਦਿੱਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਅਨੁਸੂਚਿਤ, ਜਨ-ਜਾਤੀ ਅਤੇ ਪੱਛੜੇ ਵਰਗਾਂ ਨਾਲ ਕੀਤੇ ਗਏ ਸਾਰੇ ਵਾਇਦੇ ਪੂਰੇ ਕਰਨ ਲਈ ਉਚੇਚੇ ਯਤਨ ਕੀਤੇ ਜਾਣ। ਇਸ ਨਾਲ ਪੰਜਾਬ ਵਿੱਚ ਪੱਛੜੇ ਵਰਗਾਂ ਦੇ ਹਾਲਾਤ ਸੁਧਾਰਣ ਵਿੱਚ ਮਦਦ ਮਿਲੇਗੀ ਅਤੇ ਅਕਾਲੀ ਦਲ ਨੂੰ ਇਸ ਤੋਂ ਭਾਰੀ ਸਿਆਸੀ ਲਾਭ ਹੋ ਸਕਦਾ ਹੈ। ਪੱਛੜੇ ਵਰਗਾਂ ਨਾਲ ਸਬੰਧਿਤ ਸਾਰੀਆਂ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਉਪਰੋਕਤ ਚੋਣ ਵਾਅਦਿਆਂ ਨੂੰ ਅਮਲ ਕਰਵਾਉਣ ਲਈ ਸਰਕਾਰ ਤੇ ਲਗਾਤਾਰ ਦਬਾਅ ਬਣਾਏ ਰੱਖਣ ਤਾਂ ਜੋ ਇਨ੍ਹਾਂ ਨੂੰ ਹਕੀਕੀ ਰੂਪ ਦਿੱਤਾ ਜਾ ਸਕੇ। ਇਹ ਸਕੂਨ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੱਛੜੇ ਸਮਾਜ ਪ੍ਰਤੀ ਵਿਸ਼ੇਸ਼ ਤੌਰ ’ਤੇ ਨਰਮ ਰੁੱਖ ਅਪਣਾਇਆ ਜਾ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਉਪਰੋਕਤ ਵਾਅਦਿਆਂ ਉ¤ਤੇ ਅਮਲ ਕਰਵਾਉਣਾ ਕੋਈ ਔਖਾ ਕਾਰਜ ਨਹੀਂ ਹੈ।
-ਬਲਜੀਤ ਸਿੰਘ ਬਰਾੜ



