July 7, 2009

ਕਿਹੜੇ ਪਾਸੇ ਦਾ ਸਫ਼ਰ NEW

ਇੱਕ ਪਾਸੇ ਭਾਰਤੀ ਮੀਡੀਏ ਦਾ ਪੂਰਾ ਜ਼ੋਰ ਆਸਟ੍ਰੇਲੀਆ ਨੂੰ ਇੱਕ ਨਸਲਪ੍ਰਸਤ ਰਾਸ਼ਟਰ ਸਾਬਤ ਕਰਨ ਤੇ ਲੱਗਿਆ ਹੋਇਆ ਹੈ ਕਿ ਦੂਜੇ ਬੰਨੇ ਪੰਜਾਬ ਤੋਂ ਇੱਕ ਸਨਸਨੀਖੇਜ਼ ਖਬਰ ਆਈ ਹੈ।ਪੰਜਾਬ ਦੇ ਕਈ ਵੱਡੇ ਸ਼ਹਿਰਾਂ ‘ਚ ਮਾਰੇ ਗਏ ਛਾਪਿਆਂ ‘ਚ ਆਸਟ੍ਰੇਲੀਆ ਆਉਣ ਵਾਲੇ ਟੈਸਟ ਦਾ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਇਸ ਧੰਦੇ ‘ਚ ਸ਼ਾਮਲ ਲੋਕਾਂ ਵੱਲੋਂ ਟੈਸਟ ਦੇਣ ਵਾਲੇ ਦੇ ਪਾਸਪੋਰਟ ਉਤੇ ਪਾਸ ਹੋਣ ਯੋਗ ਉਮੀਦਵਾਰ ਦੀ ਫੋਟੋ ਚਿਪਕਾਕੇ ਉਸਨੂੰ ਟੈਸਟ ‘ਚ ਬਿਠਾਇਆ ਜਾਂਦਾ ਹੈ ਤਾਂ ਕਿ ਵਧੀਆ ਬੈਂਡ ਆ ਸਕੇ।

ਵਧੀਆ ਬੈਂਡ ਵਾਲੇ ਕਈ ਮੁੰਡੇ ਕੁੜੀਆਂ ਸਾਡੇ ਪੰਜਾਬ ‘ਚ ਫਿਰ ਵੱਡੇ ਦਾਮ ਤੇ ਵਿਕਦੇ ਨੇ। ਅਖਬਾਰਾਂ ‘ਚ ਬੇਸ਼ਰਮ ਕਿਸਮ ਦੇ ਇਸ਼ਤਿਹਾਰ ਆਮ ਵੇਖੇ ਜਾ ਸਕਦੇ ਨੇ। ਕਈ ਪਿੰਡਾ-ਸ਼ਹਿਰਾਂ ‘ਚ ਦਲਾਲਾਂ ਕੋਲ ਸੈਕੜੇ ਨਾਵਾਂ ਦੀਆਂ ਲਿਸਟਾਂ ਮਿਲ ਜਾਣਗੀਆਂ ਜੋ ਕਿ ਮੁੰਡੇ ਕੁੜੀਆਂ ਦੀ ਅੰਗਲੀ ਸੰਗਲੀ ਮਿਲਾਉਂਦੇ ਨੇ ਅਤੇ ਇੰਨ੍ਹਾਂ ਦੇ ਸੌਦੇ ਤਹਿ ਕਰਵਾਉਂਦੇ ਨੇ। ਕਈਆਂ ਦੇ ਝੂਠੇ ਸੱਚੇ ਵਿਆਹ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਰਚਾਏ ਜਾਂਦੇ ਨੇ, ਮੁਹਤਬਰ ਬੰਦਿਆਂ ਦੀ ਹਾਜਰੀ ‘ਚ ਇਹ ਕਾਰਜ ਨੇਪਰੇ ਚਾੜ੍ਹਕੇ, ਰੱਬ ਦਾ ਨਾਂ ਲੈਕੇ ਮੁੰਡੇ ਕੁੜੀ ਨੂੰ ਜਹਾਜੇ ਬੈਠਾ ਦਿੱਤਾ ਜਾਂਦਾ ਹੈ। ਜਿਸ ਰੱਬ ਸੱਚੇ ਦਾ ਓਟ ਆਸਰਾ ਰਿਸ਼ਤਿਆਂ ਨੂੰ ਪਕੇਰੇ ਕਰਨ ਲਈ ਲਿਆ ਜਾਂਦਾ ਹੈ ਉਸੇ ਰੱਬ ਸੱਚੇ ਦੇ ਸਾਹਮਣੇ ਅਜਿਹੇ ਝੂਠੇ ਰਿਸ਼ਤੇ ਤੋਂ ਛੇਤੀ ਛੁਟਕਾਰਾ ਪੈਣ ਲਈ ਅਰਦਾਸ ਵੀ ਸ਼ਾਇਦ ਕੀਤੀ ਜਾਂਦੀ ਹੋਵੇਗੀ। ਮਾਪਿਆਂ ਤੋਂ ਲੈਕੇ ਗੁਰੂਘਰ ਦੇ ਵਜ਼ੀਰਾਂ ਤੱਕ ਇਸ ਗੋਰਖ ਧੰਦੇ ‘ਚ ਸ਼ਾਮਲ ਹਨ। ਗੱਲ ਕੌੜੀ ਹੈ ਪਰ ਕਹਿਣੀ ਬਣਦੀ ਹੈ- ਕਿ ਮਾਨੋਂ ਮੁੰਡੇ ਕੁੜੀਆਂ ਨੂੰ ਵੇਚਿਆ ਜਾ ਰਿਹਾ ਹੈ।

ਅਜਿਹੇ ਬੱਚੇ ਆਹ ਆਸਟ੍ਰੇਲੀਆ ਦੀ ਧਰਤੀ ਦੀਆਂ ਔਕੜਾਂ ਤੋਂ ਅਣਜਾਣ ਸੁਪਨਮਈ ਖੰਭਾਂ ਤੇ ਸਵਾਰ ਇੱਥੇ ਆ ਜਾਂਦੇ ਨੇ। ਅਜਿਹੇ ਕੱਚੇ ਰਿਸ਼ਤਿਆਂ ‘ਚ ਬੱਝੇ ਇਹ ਬੱਚੇ, ਹਰ ਤਰਾਂ ਦੇ ਸੋਸ਼ਣ ਦਾ ਸ਼ਿਕਾਰ ਹੋ ਰਹੇ ਨੇ। ਕਈ ਥਾਂਵਾਂ ਤੇ ਇੰਨ੍ਹਾਂ ਦੇ ਮਾਪਿਆਂ ਵੱਲੋਂ ਸਹੇੜੇ ਇੰਨ੍ਹਾਂ ਦੇ ਨਕਲੀ ਲਾੜਾ ਜਾਂ ਲਾੜੀ ਹੀ ਇਸ ਸੋਸ਼ਣ ਦੇ ਕਾਰਣ ਬਣਦੇ ਨੇ। ਅਖਬਾਰ ਦੇ ਕਿੱਤੇ ਨਾਲ ਸਬੰਧਤ ਹੋਣ ਕਰਕੇ ਅਜਿਹੇ ਕਈ ਕੇਸਾਂ ਬਾਰੇ ਅਕਸਰ ਪਤਾ ਲੱਗਦਾ ਰਹਿੰਦਾ ਪਰ “ਆਪਣਾ ਝੱਗਾ ਚੁੱਕ ਢਿੱਡ ਨੰਗਾ ਕਰਨ” ਤੋਂ ਸਹਿਮਦੇ ਰਹੇ ਹਾਂ।

ਆਖਰ ਅਸੀਂ ਕਿਸ ਰਸਤੇ ਦੇ ਪਾਂਧੀ ਬਣ ਗਏ ਹਾਂ? ਪੰਜਾਬ ‘ਚ ਜਿੱਥੇ ਕਦੇ ਬਿਗਾਨੀਆਂ ਧੀਆਂ ਧਿਆਣੀਆਂ ਨੂੰ ਵੀ ਓਟ ਆਸਰਾ ਮਿਲਦਾ ਰਿਹਾ ਹੈ ਅੱਜ ਪਤਾ ਨਹੀਂ ਕਿਸਦੇ “ਉੱਜਲ” ਭਵਿੱਖ ਦੀ ਆੜ ‘ਚ ਇਹ ਸਭ ਕੀਤਾ ਜਾ ਰਿਹਾ ਹੈ? ਡਰ ਲੱਗਦਾ ਹੈ ਕਿ ਜਦ ਕੱਚੇ ਰਿਸ਼ਤਿਆਂ ਦੀ ਪੀੜ ਸਹਿ ਚੁੱਕੇ ਇਹ ਬੱਚੇ ਬੱਚੀਆਂ ਆਪਣੀ ਜ਼ਿੰਦਗੀ ਨੂੰ ਕਦੇ ਵਾਚਣਗੇ ਤਾਂ ਕੀਹਨੂੰ ਦੋਸ਼ ਦੇਣਗੇ?

ਕਸੂਰ ਕਿਸਦਾ ਹੈ? ਇਹ ਵੀ ਸੋਚਣਾ ਬਣਦਾ ਹੈ।ਆਖਰ ਕਿਸ ਕਰਕੇ ਪੰਜਾਬ ਇਸ ਰਸਤੇ ਤੁਰ ਪਿਐ? ਸਾਡੇ ਨਕਾਰਾ ਹੋ ਚੁੱਕੇ ਸਿਆਸੀ ਤਾਣੇ ਬਾਣੇ ਨੂੰ ਵੀ ਦੋਸ਼ ਜਾਂਦਾ ਹੈ। ਸਾਡੀਆਂ ਸਮਾਜਕ ਰਹੁ ਰੀਤਾਂ ਨੂੰ ਵੀ। ਧੀਆਂ ਵਾਲਿਆਂ ਦੇ ਸਿਰਾਂ ਤੇ ਚੜ੍ਹੀਆਂ ਕਰਜ਼ੇ ਦੀਆਂ ਪੰਡਾ ਵੀ ਕਸੂਰਵਾਰ ਨੇ। ਦਾਜ ਦਹੇਜ.. ਦੇਣ ਅਤੇ ਲੈਣ ਵਾਲੇ ਵੀ। ਆਖਰ ਅਸੀਂ ਹੀ ਤਾਂ ਹਾਂ ਜੋ ਇਸ ਸਾਰੇ ਕੁਝ ਲਈ ਜ਼ਿੰਮੇਵਾਰ ਹਾਂ। ਸਾਡਾ ਸਾਰਾ ਢਾਂਚਾ ਹੀ ਵਿਗੜ ਗਿਆ ਹੈ। ਸਾਡੇ ਅੰਦਰ ਦਾ ਲਾਲਚ ਦੈਂਤ ਬਣ ਗਿਆ ਹੈ ਜੋ ਆਖਰ ਸਾਡੀਆਂ ਸਭ ਕਦਰਾਂ ਕੀਮਤਾਂ ਨੂੰ ਖਾ ਜਾਵੇਗਾ।

ਸਾਨੂੰ ਹੁਣੇ ਤੋਂ ਜਾਗਣਾ ਪਵੇਗਾ.. ਨਾਨਕ ਦੇ ਵਾਰਸੋਂ! ਲਾਲੋ ਦੇ ਕੋਧਰੇ ਦਾ ਸਵਾਦ ਭੁੱਲ ਮਲਕ ਭਾਗੋਂ ਦੇ ਮੁਰੀਦ ਬਣਨਾ ਸਭ ਤੋਂ ਸੁਖਾਲਾ ਹੈ ਪਰ ਸਿਰਾਂ ਤੇ ਚੜ੍ਹਿਆਂ ਸੱਚ ਦਾ ਕਰਜ਼ਾ ਕਿਵੇਂ ਉਤਰੇਗਾ।

ਹਾਂ ਸੋਚਦਾ ਕਿ ਮੇਰਾ ਸੂਰਜ ਗੁੰਮ ਹੈ,
ਸੂਰਜ ਆਖਦੇ ਮੈਂ ਹੀ ਜਾਗਿਆ ਨਹੀਂ ਹਾਂ
ਕਹਿੰਦੈ ਕਿ ਇਹ ਜੋ ਮੈਨੂੰ ਹਨ੍ਹੇਰ ਦਿਸਦਾ
ਮੇਰੇ ਅੰਦਰ ਦੀ ਹੀ ਗਹਿਰ ਹੈ
ਪੀਣੀ ਪੈਣੀ ਜੋ ਮੇਰੇ ਵਾਰਸਾਂ ਨੂੰ ਕਦੇ
ਉਂਝ ਤਾਂ ਉਹ ਮੇਰੇ ਹਿੱਸੇ ਦੀ ਜ਼ਹਿਰ ਹੈ..

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au