December 11, 2009

ਸਪੀਕਰ ਕਾਹਲੋਂ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਸਦਨ ’ਚ ਜ਼ੋਰਦਾਰ ਹੰਗਾਮਾ

ਵਿਰੋਧੀ ਧਿਰ ਦੀ ਆਗੂ ਬੀਬੀ ਭੱਠਲ ਅਤੇ ਮੁੱਖ ਮੰਤਰੀ ਵਿਚਾਲੇ ਤਿੱਖੀ ਨੋਕ-ਝੋਕ
ਚੰਡੀਗੜ੍ਹ,10 ਦਸੰਬਰ -ਪੰਜਾਬ ਵਿਧਾਨ ਸਭਾ ਦਾ ਅੱਜ ਦਾ ਸੈਸ਼ਨ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਅਹੁਦੇ ਤੋਂ ਹਟਾਉਣ ਦੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਮੰਗ ਦੇ ਰੌਲੇ-ਰੱਪੇ ਦੀ ਭੇਟ ਚੜ੍ਹ ਗਿਆ। ਦੋ ਵਾਰ ਲੱਗੇ ਸੈਸ਼ਨ ਵਿੱਚ ਵਿਰੋਧੀ ਧਿਰ ਨੇ ਸਰਕਾਰ ਤੇ ਸਪੀਕਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦਾ ਵਿਰੋਧ ਏਨਾ ਜ਼ਬਰਦਸਤ ਸੀ ਕਿ ਸਪੀਕਰ ਨੂੰ ਪਹਿਲੀ ਵਾਰ ਸਦਨ 26 ਮਿੰਟਾਂ ਬਾਅਦ ਹੀ ਇੱਕ ਘੰਟੇ ਲਈ ਉਠਾਉਣਾ ਪੈ ਗਿਆ। ਦੂਸਰੀ ਵਾਰ ਸਦਨ ਫਿਰ ਜੁੜਿਆ ਤਾਂ ਕਾਂਗਰਸ ਪਹਿਲਾਂ ਨਾਲੋਂ ਵੀ ਜ਼ਿਆਦਾ ਹਮਲਾਵਰ ਹੋ ਕੇ

ਨਾਅਰਬਾਜ਼ੀ ਕਰਨ ਲੱਗੀ ਤਾਂ ਸਪੀਕਰ ਨੂੰ ਇਹ ਕਹਿ ਕੇ ਸੈਸ਼ਨ ਰੋਕਣਾ ਪਿਆ ਕਿ ਹੁਣ ਸਦਨ ਕੱਲ੍ਹ ਸਵੇਰੇ 10 ਵਜੇ ਮੁੜ ਜੁੜੇਗਾ। ਵਿਧਾਨ ਸਭਾ ਦੇ ਸੈਸ਼ਨ ਦੇ ਤੀਜੇ ਦਿਨ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਸ੍ਰ. ਨਿਰਮਲ ਸਿੰਘ ਕਾਹਲੋਂ ਸਦਨ ਦੀ ਕਾਰਵਾਈ ਚਲਾਉਣ ਲਈ ਸਦਨ ਵਿੱਚ ਆਏ ਤਾਂ ਕਾਂਗਰਸ ਪਹਿਲਾਂ ਹੀ ਕਾਲੀਆਂ ਪੱਟੀਆਂ ਅਤੇ ਕਾਲੀਆਂ ਜੈਕਟਾਂ ਪਾ ਕੇ ਸਦਨ ਵਿੱਚ ਪਹੁੰਚੀ ਹੋਈ ਸੀ। ਸਪੀਕਰ ਸ੍ਰ. ਕਾਹਲੋਂ ਜਿਉਂ ਹੀ ਕਾਰਵਾਈ ਚਲਾਉਣ ਲਈ ਕੁਰਸੀ ’ਤੇ ਬੈਠਣ ਲੱਗੇ ਤਾਂ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਉ¤ਠ ਕੇ ਸਪੀਕਰ ਸਾਹਿਬ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕ੍ਰਿਪਾ ਕਰਕੇ ਇਸ ਕੁਰਸੀ ’ਤੇ ਨਾ ਬੈਠਿਓ, ਕਿਉਂਕਿ ਤੁਹਾਡੇ ਵੱਲੋਂ ਕੀਤੇ ਭ੍ਰਿਸ਼ਟਾਚਾਰ ਬਾਰੇ ਜੋ ਸੀ.ਬੀ.ਆਈ. ਅਖਬਾਰਾਂ ਵਿੱਚ ਕਹਿ ਰਹੀ ਹੈ, ਉਸ ਅਨੁਸਾਰ ਤੁਹਾਨੂੰ ਇਸ ਕੁਰਸੀ ’ਤੇ ਬੈਠਣਾ ਸ਼ੋਭਾ ਨਹੀਂ ਦਿੰਦਾ ਅਤੇ ਇਹ ਸਦਨ ਦੀ ਮਾਣ ਮਰਿਆਦਾ ਦੇ ਵੀ ਉਲਟ ਹੈ। ਇਸ ਦੌਰਾਨ ਬੀਬੀ ਭੱਠਲ ਤੇ ਹੋਰ ਕਾਂਗਰਸੀ ਵਿਧਾਇਕ ਸਪੀਕਰ ਦੀ ਕੁਰਸੀ ਸਾਹਮਣੇ ਵੈਲ ਵਿੱਚ ਆ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ ਤੇ ਅਖਬਾਰ ਵਿੱਚ ਛਪੀ ਖਬਰ ਨੂੰ ਲੈ ਕੇ ਉਹ ਅਖਬਾਰ ਸਦਨ ਵਿੱਚ ਲਹਿਰਾਉਣ ਲੱਗੇ। ਸਦਨ ਚਲਾਉਣ ਦੀ ਵਾਰ-ਵਾਰ ਅਪੀਲ ਕਰਦਿਆਂ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਪ੍ਰਸ਼ਨਕਾਲ ਖਤਮ ਹੋਣ ’ਤੇ ਇਹ ਸਭ ਕਰ ਲੈਣ। ਇਸ ਦੌਰਾਨ ਪ੍ਰਸ਼ਨਕਾਲ ਸਮੇਂ ਜਦੋਂ ਕਾਂਗਰਸੀ ਵਿਧਾਇਕਾਂ ਵੱਲੋਂ ਪੁੱਛੇ ਪ੍ਰਸ਼ਨਾਂ ਬਾਰੇ ਸਪੀਕਰ ਨੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਅਜੈਬ ਸਿੰਘ ਭੱਟੀ, ਮਦਨ ਲਾਲ ਠੇਕੇਦਾਰ, ਅਜੀਤਇੰਦਰ ਸਿੰਘ ਮੋਫਰ, ਦਰਸ਼ਨ ਸਿੰਘ ਬਰਾੜ ਦੇ ਨਾਮ ਪੁਕਾਰੇ ਤਾਂ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪ੍ਰਸ਼ਨ ਨਾ ਪੁੱਛਿਆ ਅਤੇ ਉਹ ਸਾਰੇ ਸਪੀਕਰ ਵਿਰੁੱਧ ਨਾਅਰਾਬਾਜ਼ੀ ਕਰਦੇ ਰਹੇ। ਇਸੇ ਦੌਰਾਨ ਜਦੋਂ ਸਦਨ ਚੱਲਣ ਲੱਗਿਆ ਤਾਂ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਵੱਲ ਚੜ੍ਹਨ ਲਈ ਜ਼ੋਰ-ਅਜ਼ਮਾਈ ਕੀਤੀ। ਪ੍ਰੰੱਤੂ ਮਾਰਸ਼ਲਾਂ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ, ਜਿਸ ਕਰਕੇ ਬੀਬੀ ਭੱਠਲ ਦੀ ਅਗਵਾਈ ਵਿੱਚ ਸਾਰੇ ਕਾਂਗਰਸੀ ਵਿਧਾਇਕ ਸਦਨ ਵਿੱਚ ਨਾਅਰਬਾਜ਼ੀ ਕਰਦੇ ਹੋਏ ਚੱਕਰ ਲਗਾਉਣ ਲੱਗੇ। ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਇਸ ਪ੍ਰਕਿਰਿਆ ਦੌਰਾਨ ਮੁੱਦਾ ਉਠਾਇਆ ਕਿ 20 ਸਵਾਲ ਸਦਨ ਵਿੱਚ ਅਣਪੁੱਛੇ ਰਹਿ ਗਏ ਹਨ। ਹਰ ਪ੍ਰਸ਼ਨ ’ਤੇ ਸਰਕਾਰ ਦਾ ਪੰਜ ਲੱਖ ਰੁਪਈਆ ਖਰਚ ਹੁੰਦਾ ਹੈ। ਸਰਕਾਰ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ, ਇਸ ਲਈ ਇਸ ਨੁਕਸਾਨ ਦੀ ਵਸੂਲੀ ਵੀ ਕਾਂਰਗਸੀ ਵਿਧਾਇਕਾਂ ਤੋਂ ਹੀ ਕੀਤੀ ਜਾਵੇ।
ਇਸੇ ਦੌਰਾਨ ਸਪੀਕਰ ਨੂੰ ਬਦਲਣ ਦੀ ਮੰਗ ’ਤੇ ਚੱਲੀ ਬਹਿਸ ਦੌਰਾਨ ਸੱਤਾਧਾਰੀ ਪੱਖ ਨਾਲ ਜ਼ੋਰਦਾਰ ਝੜਪ ਹੋਈ। ਇਸ ਵਿੱਚ ਦਖਲ ਦਿੰਦਿਆਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਰਾਜਿੰਦਰ ਕੌਰ ਭੱਠਲ  ਨੂੰ ਕਿਹਾ ਕਿ ਜਦੋਂ ਤੁਹਾਡੇ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਤਾਂ ਕੀ ਤੁਸੀਂ ਉਦੋਂ ਅਹੁਦਾ ਛੱਡ ਦਿੱਤਾ ਸੀ? ਬੀਬੀ ਭੱਠਲ ਨੇ ਇਸ ਬਾਰੇ ਕਿਹਾ ਕਿ ਮੇਰੇ ’ਤੇ ਦੋ ਕੇਸ ਦਰਜ ਹੋਏ ਸਨ, ਦੋਵੇਂ ਬਾਦਲ ਸਰਕਾਰ ਨੇ ਕੀਤੇ ਸਨ। ਇਸ ’ਤੇ ਮੁੱਖ ਮੰਤਰੀ ਨੇ ਫਿਰ ਕਿਹਾ ਕਿ ਮੈਂ ਗੁਰਦੁਆਰੇ ਜਾ ਕੇ ਸਹੁੰ ਚੁੱਕਣ ਲਈ ਤਿਆਰ ਹਾਂ ਕਿ ਤੁਹਾਡੇ ਖਿਲਾਫ ਕੋਈ ਵੀ ਕੇਸ ਮੈੇਂ ਗਲਤ ਨੀਅਤ ਨਾਲ ਨਹੀਂ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਬੀਬੀ ਜੀ ਤੁਹਾਡੇ ਖਿਲਾਫ ਕੇਸ ਦਰਜ ਕਰਵਾਉਣ ਵਾਲਾ ਤਾਂ ਅੱਜ ਗੁਰਦਾਸਪੁਰ ਫਿਰਦੈ। ਬਾਦਲ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਸੀ। ਪ੍ਰੰਤੂ ਬੀਬੀ ਭੱਠਲ ਨੇ ਬਾਦਲ ਦੀ ਇੱਕ ਨਾ ਸੁਣੀ ਤੇ ਉਹ ਆਪਣੇ ਮਨ ਦੀ ਭੜਾਸ ਕੱਢਦੀ ਰਹੀ। ਸਦਨ ਦੀ ਅੱਜ ਦੀ ਕਾਰਵਾਈ ਦੌਰਾਨ ਪ੍ਰਸ਼ਨਕਾਲ ਸਮੇਂ ਲੋਕ ਨਿਰਮਾਣ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਚੰਡੀਗੜ੍ਹ-ਲੁਧਿਆਣਾ ਮਾਰਗ ਨੂੰ ਚਾਰ ਮਾਰਗੀ ਬਣਾਉਣ ਦੀ ਤਿਆਰੀ ਜਾਰੀ ਹੈ। ਇਸ ਦੇ ਨਾਲ ਸਮਰਾਲਾ ਅਤੇ ਖਮਾਣੋ ਵਿਖੇ ਬਾਈਪਾਸ ਜਾਂ ਐਲੀਵੇਟਿਡ ਸੜਕ ਬਣਾਉਣ ’ਤੇ ਵੀ ਵਿਚਾਰ ਚੱਲ ਰਹੀ ਹੈ। ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਰਕਾਰ ਛੋਟੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਕਈ ਸਕੀਮਾਂ ਲਾਗੂ ਕਰ ਰਹੀ ਹੈ, ਜਿਸ ਦੇ ਤਹਿਤ ਸਬਸਿਡੀ ਵੀ ਦਿੱਤੇ ਜਾਣ ਦਾ ਪ੍ਰੋਗਰਾਮ ਹੈ। ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਮੈਡੀਕਲ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਦੀਆਂ ਬਦਲੀਆਂ ਸੰਬੰਧੀ ਸਰਕਾਰ ਦੀ ਉਹੀ ਨੀਤੀ ਹੈ, ਜੋ ਹੋਰ ਕੈਟਾਗਰੀਆਂ ਸੰਬੰਧੀ ਹੈ। ਤਕਨੀਕੀ ਸਿੱਖਿਆ ਤੇ ਸਮਾਜ ਭਲਾਈ ਮੰਤਰੀ ਚੌਧਰੀ ਸਵਰਨਾ ਰਾਮ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਦੇ ਇੰਜੀਨੀਅਰਿੰਗ ਕਾਲਜਾਂ ਅੰਦਰ ਹਰੇਕ ਕਾਲਜ ਲਈ ਆਰਥਿਕ ਤੌਰ ’ਤੇ ਪੱਛੜੇ ਵਰਗ ਦੇ ਵਿਦਿਆਰਥੀਆਂ ਨੂੰ ਦਸ ਫੀਸਦੀ ਸੀਟਾਂ ਵਿੱਚੋਂ ਪੰਜ ਫੀਸਦੀ ਗਰੀਬ ਵਰਗਾਂ ਲਈ ਅਤੇ ਪੰਜ ਫੀਸਦੀ ਔਰਤਾਂ ਅਤੇ ਅੰਗਹੀਣ ਵਿਦਿਆਰਥੀਆਂ ਲਈ ਹਨ। ਸਾਲ 2009-10 ਦੌਰਾਨ ਕਾਲਜਾਂ ਨੇ ਕੁੱਲ 598 ਸੀਟਾਂ ਇਸ ਤਹਿਤ ਭਰੀਆਂ ਹਨ। ਜਿਨ੍ਹਾਂ ਕਾਲਜਾਂ ਨੇ ਇਹ ਸੀਟਾਂ ਨਹੀਂ ਭਰੀਆਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹੋਏ ਸਨ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au