ਚੰਡੀਗੜ੍ਹ, 10 ਨਵੰਬਰ -ਕਾਂਗਰਸੀ ਵਿਧਾਇਕਾਂ ਵੱਲੋਂ ਜਿਸ ਵੇਲੇ ਸਪੀਕਰ ਦੀ ਬਰਖਾਸਤਗੀ ਨੂੰ ਲੈ ਕੇ ਸਦਨ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਸਪੀਕਰ ਨੇ ਅਚਾਨਕ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਤੁਸੀਂ ਦਿੱਲੀ ਦਾ ਮਸਲਾ ਪੰਜਾਬ ਦੀ ਅਸੈਂਬਲੀ ਵਿੱਚ ਹੱਲ ਕਰਨਾ ਚਾਹੁੰਦੇ ਹੋ। ਸਪੀਕਰ ਦੇ ਇਨ੍ਹਾਂ ਸ਼ਬਦਾਂ ਦੀ ਮੀਡੀਆ ਵੱਲੋਂ ਤੁਰੰਤ ਵਿਆਖਿਆ ਕਰਕੇ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸਪੀਕਰ ਵੱਲੋਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਦਿੱਲੀ ਵਿਖੇ ਚੱਲ ਰਹੀ ਸਿਆਸੀ ਲੜਾਈ ਵੱਲ ਹੈ
, ਕਿਉਂਕਿ ਸਰਦ ਰੁੱਤ ਦੇ ਇਸ ਸੈਸ਼ਨ ਵਿੱਚ ਵਿਰੋਧੀ ਧਿਰ ਦੀ ਆਗੂ ਬੀਬੀ ਭੱਠਲ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਕਾਂਗਰਸੀ ਵਿਧਾਇਕ ਨੇ ਸਰਕਾਰ ਵਿਰੁੱਧ ਜ਼ਬਰਦਸਤ ਹੰਗਾਮਾ ਕੀਤਾ ਹੈ, ਉਸ ਨਾਲ ਇਨ੍ਹਾਂ ਗੱਲਾਂ ਤੇ ਵਿਸ਼ਰਾਮ ਚਿੰਨ੍ਹ ਲੱਗ ਗਿਆ ਹੈ ਕਿ ਬੀਬੀ ਭੱਠਲ ਅੰਦਰੋ ਅੰਦਰੀ ਬਾਦਲਕਿਆਂ ਨਾਲ ਠੀਕ ਠਾਕ ਚੱਲ ਰਹੀ ਹੈ।ਭੱਠਲ ਧੜਾ ਸਿਆਸੀ ਹਲਕਿਆਂ ਵਿੱਚ ਇਹ ਸੰਦੇਸ਼ ਪਹੁੰਚਾਉਣ ’ਚ ਕਾਮਯਾਬ ਰਿਹਾ ਹੈ ਕਿ ਉਹ ਲੋਕ ਹਿੱਤ ਦੇ ਮਸਲੇ ਤੇ ਪਾਰਟੀ ਦੀਆਂ ਨੀਤੀਆਂ ’ਤੇ ਪਹਿਰਾ ਦੇਣ ਲਈ ਹਰ ਹੀਲੇਤੱਕ ਜਾ ਸਕਦਾ ਹੈ। ਪੰਜਾਬ ਪ੍ਰਧਾਨਗੀ ਨੂੰ ਲੈ ਕੇ ਕੈਪਟਨ ਤੇ ਭੱਠਲ ਧੜੇ ਨੂੰ ਲੜਾਈ ਅੱਜਕੱਲ੍ਹ ਆਖਰੀ ਸਾਹਾਂ ’ਤੇ ਹੈ। ਲੋਕ ਸਭਾ ਦਾ ਸਮਾਗਮ ਖਤਮ ਹੁੰਦਿਆਂ ਹੀ ਪੰਜਾਬ ਸਹਿਤ ਕੋਈ ਅੱਧੀ ਦਰਜਨ ਸੂਬਿਆਂ ਦੇ ਕਾਂਗਰਸ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਹਨ।



