ਨਵੀਂ ਦਿੱਲੀ, 10 ਦਸੰਬਰ -ਸ੍ਰੀਕ੍ਰਿਸ਼ਣ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਰੂਸ ਅਤੇ ਉਜਬੇਕਿਸਤਾਨ ਦੇ ਲੋਕਾਂ ਲਈ ਵੀ ਪੂਜਨੀਕ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਸ਼ਰਧਾ ਦੇ ਭਾਵ ਨਾਲ ਦੇਖਿਆ ਜਾਂਦਾ ਹੈ। ਇਹ ਸ਼ਬਦ ਹਨ ਰੂਸ ਅਤੇ ਉਜਬੇਕਿਸਤਾਨ ਦੀਆਂ ਦੋ ਡਾਂਸਰਾਂ ਦੇ ਜੋ ਭਾਰਤੀ ਸ਼ਾਸਤਰੀ ਨ੍ਰਿਤ ਵਿੱਚ ਮਾਹਿਰ ਹਨ। ਵਿਕਟੋਰੀਆ ਅਤੇ ਅਲਬੀਨਾ ਨਾਮ ਦੀਆਂ ਇਨ੍ਹਾਂ ਦੋਵਾਂ ਡਾਂਸਰਾਂ ਨੇ ਦਿੱਲੀ ਵਿੱਚ ਨ੍ਰਿਤ ਦੀ ਸਿਖਲਾਈ ਲਈ ਹੈ ਅਤੇ ਬੀਤੇ ਕੁਝ ਸਾਲਾਂ ਵਿੱਚ ਉਹ ਪੂਰੀ ਤਰ੍ਹਾਂ ਭਾਰਤ ਦੀਆਂ ਹੋ ਕੇ ਰਹਿ ਗਈਆਂ ਹਨ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਿੱਲੀ ਆਈਆਂ ਇਨ੍ਹਾਂ ਦੋਵਾਂ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਚੰਗਾ ਲੜਕਾ ਮਿਲ ਜਾਵੇ ਤਾਂ
ਉਹ ਭਾਰਤ ਵਿੱਚ ਹੀ ਵਿਆਹ ਰਚਾ ਕੇ ਘਰ ਵਸਾਉਣਾ ਚਾਹੁੰਦੀਆਂ ਹਨ। ਵਿਕਟੋਰੀਆ ਦਾ ਤਾਂ ਇੱਥੇ ਤੱਕ ਕਹਿਣਾ ਹੈ ਕਿ ਚੰਗਾ ਲੜਕਾ ਨਾ ਮਿਲ ਸਕਣ ਦੀ ਸਥਿਤੀ ਵਿੱਚ ਉਹ ਭਗਵਾਨ ਸ੍ਰੀਕ੍ਰਿਸ਼ਨ ਨੂੰ ਹੀ ਆਪਣਾ ਪਤੀ ਮੰਨ ਲੈਣਗੀਆਂ। ਦੋਵਾਂ ਨੇ ਦੱਸਿਆ ਕਿ ਰੂਸ ਅਤੇ ਉਜਬੇਕਿਸਤਾਨ ਵਿੱਚ ਹਰ ਥਾਂ ਭਾਰਤ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਹੀ ਦੇਸ਼ਾਂ ਦੇ ਬਹੁਤੇ ਲੋਕ ਸਿਰਫ ਇਸ ਲਈ ਹਿੰਦੀ ਸਿੱਖਦੇ ਹਨ ਕਿਉਂਕਿ ਭਾਰਤ ਯਾਤਰਾ ਉਨ੍ਹਾਂ ਲਈ ਇੱਕ ਸੁਪਨਾ ਹੁੰਦਾ ਹੈ। ਇਨ੍ਹਾਂ ਦੋਵਾਂ ਨੇ ਕਿਹਾ ਕਿ ਉਹ ਵਾਰ ਵਾਰ ਭਾਰਤ ਆ ਕੇ ਸਭਿਆਚਾਰਕ ਪ੍ਰੋਗਰਾਮ ਕਰਨਾ ਚਾਹੁੰਦੀਆਂ ਹਨ। ਆਪਣੇ ਦੇਸ਼ਾਂ ਵਿੱਚ ਵੀ ਉਹ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਭਾਰਤੀ ਕਲਾ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਕਰ ਰਹੀਆਂ ਹਨ।
ਵਿਕਟੋਰੀਆ ਅਤੇ ਅਲਬੀਨਾ ਨੇ ਦੱਸਿਆ ਕਿ ਰੂਸ ਅਤੇ ਉਜਬੇਕਿਸਤਾਨ ਵਿੱਚ ਜ਼ਿਆਦਾਤਰ ਲੋਕ ਬਾਲੀਵੁਡ ਸਿਨੇਮਾ ਦੇ ਦੀਵਾਨੇ ਹਨ ਅਤੇ ਉਹ ਅਮਿਤਾਭ ਬੱਚਨ, ਰਾਜ ਕਪੂਰ, ਰੇਖਾ, ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਅਤੇ ਹੇਮਾਮਾਲਿਨੀ ਵਰਗੇ ਕਲਾਕਾਰਾਂ ਦੇ ਨਾਵਾਂ ਨਾਲ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੇ ਹਿੰਦੀ ਗੀਤ ‘ਚਲਤੇ ਚਲਤੇ ਮੇਰੇ ਯੇਗੀਤ ਯਾਦ ਰੱਖਨਾ’ ਰੂਸੀ ਅਤੇ ਉਜਬੇਕ ਲੋਕਾਂ ਨੂੰ ਬਹੁਤ ਪਸੰਦ ਹਨ। ਇਨ੍ਹਾਂ ਦੋਵਾਂ ਡਾਂਸਰਾਂ ਨੂੰ ਭਗਵਾਨ ਸ੍ਰੀਕ੍ਰਿਸ਼ਨ ਦੇ ਰਾਸ ਨ੍ਰਿਤ ਨਾਲ ਬਹੁਤ ਜਿਆਦਾ ਲਗਾਓ ਹੈ ਅਤੇ ਉਹ ਭਾਰਤ ਵਿੱਚ ਕਈ ਰਾਸ ਪ੍ਰੋਗਰਾਮਾਂ ਵਿੱਚ ਨ੍ਰਿਤ ਕਰ ਚੁੱਕੀਆਂ ਹਨ। ਵਿਕਟੋਰੀਆ ਨੇ ਦੱਸਿਆ ਕਿ ਉਸ ਨੇ ਰੂਸ ਵਿੱਚ ‘ਮੁਕੱਦਰ ਦਾ ਸਿਕੰਦਰ’ ਸਮੇਤ ਕਈ ਫਿਲਮਾਂ ਦੇਖੀਆਂ ਹਨ ਜੋ ਉਸ ਨੂੰ ਬੇਹੱਦ ਪਸੰਦ ਆਈਆਂ।



