ਨਵੀਂ ਦਿੱਲੀ, 10 ਦਸੰਬਰ – ਲੋਕ ਸਭਾ ਨੂੰ ਦਿੱਤੇ ਇੱਕ ਸਵਾਲ ਦੇ ਲਿਖਤੀ ਉਤੱਰ ਵਿੱਚ ਵਿਦੇਸ਼ ਰਾਜ ਮੰਤਰੀ ਡਾ. ਸ਼ਸ਼ੀ ਥਰੂਰ ਨੇ ਦੱਸਿਆ ਹੈ ਕਿ ਕੇਂਦਰ ਸੂਬਾ ਸਰਕਾਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਚੁੱਕਾ ਹੈ ਕਿ ਪਾਸਪੋਰਟ ਬਿਨੈਕਾਰਾਂ ਲਈ ਲੋੜੀਂਦੀ ਪੁਲਿਸ ਕਲੀਅਰੈਂਸ ਰਿਪੋਰਟ 21 ਦਿਨਾਂ ਦੇ ਅੰਦਰ ਅੰਦਰ ਸਬੰਧਤ ਪਾਸਪੋਰਟ ਦਫਤਰ ਪੁੱਜ ਜਾਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਦੇਖਿਆ ਗਿਆ ਹੈ ਕਿ ਇਸ ਦੇ ਬਾਵਜੂਦ ਪੁਲਿਸ ਪੁਸ਼ਟੀ ਦੀਆਂ ਰਿਪੋਰਟਾਂ 21 ਦਿਨਾਂ ਦੇ ਅੰਦਰ ਨਹੀਂ ਮਿਲ ਰਹੀਆਂ। ਉਨ੍ਹਾਂ ਦੇਸ਼ ਦੇ ਵੱਖ ਵੱਖ ਪਾਸਪੋਰਟ ਦਫਤਰਾਂ ਵਿੱਚ ਲੰਬਿਤ ਪਾਈਆਂ ਪਾਸਪੋਰਟ ਅਰਜ਼ੀਆਂ ਦਾ ਵੇਰਵਾਂ ਦੀ ਸਦਨ ਵਿੱਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ
ਪਾਸਪੋਰਟ ਦਫਤਰਾਂ ਵਿੱਚ 31 ਅਕਤੂਬਰ ਤੱਕ ਪਾਸਪੋਰਟ ਲਈ 574556ਅਰਜ਼ੀਆਂ ਲੰਬਿਤ ਸਨ। ਜਲੰਧਰ ਦੇ ਪਾਸਪੋਰਟ ਦਫਤਰ ਵਿੱਚ 15,888, ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਵਿੱਚ 14,024 ਅਤੇ ਚੰਗੀਗੜ੍ਹ ਵਿਚਲੇ ਪਾਸਪੋਰਟ ਦਫਤਰ ਵਿੱਚ 34,934 ਪਾਸਪੋਰਟ ਅਰਜ਼ੀਆਂ ਲੰਬਿਤ ਸਨ। ਉਨ੍ਹਾਂ ਦੱਸਿਆ ਕਿ ਜੇ ਸੂਬਾ ਸਰਕਾਰ ਕੋਲੋਂ ਪਾਸਪੋਰਟ ਬਿਨੈਕਾਰ ਲਈ ਲੋੜੀਂਦੀ ਪੁਲਿਸ ਰਿਪੋਰਟ 21 ਦਿਨਾਂ ਦੇ ਅੰਦਰ ਅੰਦਰ ਮਿਲ ਜਾਂਦੀ ਹੈ ਤਾਂ ਉਸ ਸੂਰਤ ਵਿੱਚ ਮਹਿਕਮੇਂ ਵੱਲੋਂ ਸੂਬਾ ਸਰਕਾਰ ਨੂੰ ਹੱਲਾਸ਼ੇਰੀ ਵਜੋਂ 100 ਰੁਪਏ ਦਿੱਤੇ ਜਾਂਦੇ ਹਨ। ਡਾ. ਥਰੂਰ ਨੇ ਦੱਸਿਆ ਕਿ ਛੇਤੀ ਹੀ ਲੋੜੀਂਦੀ ਪੁਲਿਸ ਰਿਪੋਰਟ ਹਾਸਲਿ ਕਰਨ ਦਾ ਸਿਲਸਿਲਾ ਇਲੈੇਕਟ੍ਰੋਨਿਕ ਕੀਤਾ ਜਾਵੇਗਾ ਜਿਸ ਮਗਰੋਂ ਇਸ ਰਿਪੋਰਟ ਵਿੱਚ ਲੱਗਣ ਵਾਲਾ ਸਮਾਂ ਕਾਫ਼ੀ ਹੱਦ ਤੱਕ ਘੱਟ ਜਾਵੇਗਾ।



