ਅੰਮ੍ਰਿਤਸਰ, 9 ਦਸੰਬਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਭਾਜਪਾ ਸਰਕਾਰ ਨੂੰ ਰਗੜੇ ਲਾਉਂਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸੂਬੇ ਨੂੰ ਮੁੜ ਅੱਤਵਾਦ ਵੱਲ ਧੱਕ ਰਹੇ ਹਨ। ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਰ ਮੁਹਾਜ ਕੇ ਬੁਰੀ ਤਰਾਂ ਫੇਲ ਰਹੀ ਹੈ। ਅਕਾਲੀਆਂ ਪ੍ਰਤੀ ਸਖਤ ਭਾਸ਼ਾ ਵਰਤਦਿਆਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ’ਚ ਗੁੰਡਾ ਗਰਦੀ ਕਰਨ ਵਾਲੇ ਅਕਾਲੀ ਵਿਧਾਇਕਾਂ ਵਿਰੁਧ ਮੁਕਦਮੇ ਦਰਜ ਕੀਤੇ ਜਾਣ ਨਹੀ ਤਾਂ
ਕਾਂਗਰਸੀ ਸੜਕਾਂ ’ਤੇ ਆ ਜਾਣਗੇ।ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਦੇ ਇਸ਼ਾਰੇ ’ਤੇ ਵੱਡੀ ਗਿਣਤੀ ’ਤ ਕਾਂਗਰਸੀ ਵਰਕਰਾਂ ਖਿਲਾਫ ਮੁਕਦਮੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਆਦਤੀਆਂ ਕਰਨ ਵਾਲੇ ਅਫਸਰਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਕਾਂਗਰਸ ਸਰਕਾਰ ਆਉਣ ’ਤੇ ਹਿਸਾਬ ਕਿਤਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਬਾਦਲ ਮੁੱਖ ਮੰਤਰੀ ਅਤੇ ਉਪ ਮੁਖ ਮੰਤਰੀ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਹੋਏ ਹਨ। ਸਰਕਾਰ ਦੀ ਨਲਾਇਕੀ ਬਾਰੇ ਕੈਪਟਨ ਨੇ ਕਿਹਾ ਕਿ ਝੋਨਾ ਮੰਡੀਆਂ ’ਚ ਰੁਲਿਆ ਅਤੇ ਬਿਜਲੀ ਦੇ ਵੱਡੇ-ਵੱਡੇ ਕਟ ਲੱਗ ਰਹੇ ਹਨ, ਜਦੋਂ ਕਿ ਕਾਂਗਰਸ ਸਰਕਾਰ ਵੇਲੇ 11 ਹਜ਼ਾਰ ਕਰੋੜ ਰੁ. ਦੀ ਬਿਜਲੀ ਖਰੀਦੀ ਗਆ ਅਤੇ ਕਿਸਾਨਾਂ ਨੂੰ ਪੂਰੀ ਲੋੜ ਅਨੁਸਾਰ ਬਿਜਲੀ ਮਿਲਦੀ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਕਰੋੜਾਂ ਦਾ ਕਰਜਾ ਚੜਾਉਣ ਤੋਂ ਸਿਵਾ ਕੁਝ ਨਹੀ ਕੀਤਾ।



