ਹੈਦਰਾਬਾਦ, 9 ਦਸੰਬਰ – ਭੁੱਖ ਹੜਤਾਲ ਦੇ ਕਾਰਨ ਟੀ ਆਰ ਐਸ ਮੁੱਖੀ ਕੇ ਚੰਦਰਸ਼ੇਖਰ ਰਾਓ ਦੀ ਹਾਲਤ ਹੋਰ ਵਿਗੜ ਗਈ ਹੈ ਉਹਨਾਂ ਨੂੰ ਤੁਰੰਤ ਭੋਜਨ ਦਿੱਤੇ ਜਾਣ ਦੀ ਲੋੜ ਹੈ। ਇੱਕ ਮੈਡੀਕਲ ਬੁਲੇਟਿਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਨ ਆਈ ਐਮ ਐਸ ਦੇ ਡਾਕਟਰਾਂ ਨੇ ਦੱਸਿਆ ਕਿ ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਚੱਲ ਰਹੇ 55 ਸਾਲਾ ਰਾਓ ਵੱਲੋਂ
ਇੰਟ੍ਰਾਵੇਨਸ, ਐਂਟੀਬਾਇਓਟਿਕ, ਸੇਲਾਇਨ, ਗੁਲੂਕੋਜ ਅਤੇ ਹੋਰ ਸਹਾਇਕ ਥੇਰਪੀ ਲੈਣ ਤੋਂ ਇਨਕਾਰ ਕਰਨ ਦੇ ਕਾਰਨ ਉਹਨਾਂ ਦੀ ਹਾਲਤ ਹੋਰ ਵਿਗੜ ਗਈ ਹੈ।
ਜਿਕਰਯੋਗ ਹੈ ਕਿ ਰਾਓ ਦੀ ਭੁੱਖ ਹੜਤਾਲ ਦਾ ਅੱਜ ਗਿਆਰਵਾਂ ਦਿਨ ਹੈ। ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਹ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਉਹਨਾਂ ਨੇ ਖੂਨ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਬਹੁਤ ਹੀ ਕਮਜੋਰ ਹੋ ਗਏ ਹਨ ਪਰ ਹੋਸ਼ ਵਿੱਚ ਹਨ ਅਤੇ ਗੱਲਬਾਤ ਵੀ ਕਰ ਰਹੇ ਹਨ। ਉਹਨਾਂ ਨੂੰ ਭੋਜਨ ਦੇਣਾ ਸ਼ੁਰੂ ਕਰਨਾ ਪਵੇਗਾ। ਉਹਨਾਂ ਦੀ ਹਾਲਤ ਕਾਫੀ ਵਿਗੜ ਗਈ ਹੈ।
ਸੀਨੀਅਰ ਟੀ ਆਰ ਐਸ ਵਿਧਾਇਕ ਅਤੇ ਰਾਓ ਦੇ ਭਤੀਜੇ ਟੀ ਹਰੀਸ਼ ਰਾਓ ਅਤੇ ਊਹਨਾਂ ਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਹਨ ਕਿ ਉਹ ਭੁੱਖ ਹੜਤਾਲ ਖਤਮ ਕਰ ਦੇਣ ਪਰ ਉਹ ਇਸ ਲਈ ਰਾਜੀ ਨਹੀਂ ਹਨ। ਉਹਨਾਂ ਨੇ ਦਵਾਈ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਸਥਿਤੀ ਹੋਰ ਮੁਸ਼ਕਿਲ ਹੋ ਗਈ ਹੈ ਕਿਉਂਕਿ ਉਹਨਾਂ ਨੇ ਪਿਛਲੇ ਇੱਕ ਹਫਤੇ ਤੋਂ ਕੁੱਝ ਵੀ ਠੋਸ ਪਦਾਰਥ ਗ੍ਰਹਿਣ ਨਹੀਂ ਕੀਤਾ ਹੈ। ਟੀ ਆਰ ਐਸ ਦੇ ਸੀਨੀਅਰ ਨੇਤਾ ਨਿਆਇਨੀ ਨਰਸਿੰਮਾ ਰੈਡੀ ਨੇ ਇਹ ਜਾਣਕਾਰੀ ਦਿੱਤੀ।



