ਨਵੀਂ ਦਿੱਲੀ, 9 ਦਸੰਬਰ – ਭਾਰਤੀ ਰੇਲਵੇ ਵੱਲੋਂ ਚਾਲੂ ਮਾਲੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੌਰਾਨ ਆਪਣੀ ਆਮਦਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਪਹਿਲੀ ਅਪ੍ਰੈਲ ਤੋਂ 30 ਨਵੰਬਰ ਤੱਕ ਰੇਲਵੇ ਨੇ 55 ਹਜ਼ਾਰ 586 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਕਿ ਪਿਛਲੇ ਮਾਲੀ ਸਾਲ ਦੇ ਇਸੇ ਸਮੇਂ ਦੌਰਾਨ ਹੋਈ ਆਮਦਨ ਨਾਲੋਂ 8.74 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਪਹਿਲੀ ਅਪ੍ਰੈਲ ਤੋਂ 30 ਨਵੰਬਰ ਤੱਕ ਰੇਲਵੇ ਨੇ 51 ਹਜ਼ਾਰ 117 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਚਾਲੂ ਮਾਲੀ ਸਾਲ ਦੇ ਹੁਣ ਤੱਕ ਦੇ ਸਮੇਂ ਦੌਰਾਨ ਮਾਲ ਭਾੜੇ ਤੋਂ ਰੇਲ ਮਹਿਕਮੇ ਨੂੰ 34 ਹਜ਼ਾਰ 395 ਕਰੋੜ ਰੁਪਏ ਦੀ ਆਮਦਨ ਹੋਈ ਹੈ
ਜੋ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਹੋਈ ਆਮਦਨ ਨਾਲੋਂ ਸਾਢੇ 8 ਫੀਸਦੀ ਵੱਧ ਹੈ। ਮੁਸਾਫਰ ਉਗਰਾਹੀਆਂ ਤੋਂ ਚਾਲੂ ਮਾਲੀ ਸਾਲ ਦੇ ਪਹਿਲੇ 8 ਮਹੀਨਿਆਂ ਦੌਰਾਨ 15 ਹਜ਼ਾਰ 597 ਕਰੋੜ ਰੁਪਏ ਦੀਆਂ ਰਕਮਾਂ ਪ੍ਰਾਪਤ ਹੋਈਆਂ। ਇਸੇ ਸਮੇਂ ਦੌਰਾਨ ਮੁਸਾਫਿਰਾਂ ਦੀ ਆਵਾਜਾਈ ਵਿੱਚ 4.67 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪਹਿਲੀ ਅਪ੍ਰੈਲ ਤੋਂ 30 ਨਵੰਬਰ ਦੇ ਸਮੇਂ ਦੌਰਾਨ ਭਾਰਤੀ ਰੇਲ ਗੱਡੀਆਂ ਵਿੱਚ ਕੋਈ 49 ਕਰੋੜ 37 ਲੱਖ ਮੁਸਾਫਿਰਾਂ ਨੇ ਸਫਰ ਕੀਤਾ।



