ਨਵੀਂ ਦਿੱਲੀ, 9 ਦਸੰਬਰ – ਲੋਕ ਸਭਾ ਵਿੱਚ ਸਵਾਲਾਂ ਦਾ ਜਵਾਬ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ ਨੇ ਅੱਜ ਐਲਾਨ ਕੀਤਾ ਕਿ ਦੂਰਦਰਸ਼ਨ ਨੂੰ ਡਿਜੀਟਲ ਕਰਨ ਉਪਰ 11ਵੀਂ ਪੰਜ ਸਾਲਾ ਯੋਜਨਾ ਦੌਰਾਨ ਰੱਖੇ ਗਏ 1 ਹਜ਼ਾਰ 369 ਕਰੋੜ ਰੁਪਏ ਵਿਚੋਂ ਇੱਕ ਹਜ਼ਾਰ 209 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਰਕਮ ਦੂਰਦਰਸ਼ਨ ਦੇ ਮੌਜੂਦਾ ਢਾਂਚੇ ਦੇ ਆਧੁਨਿਕੀਕਰਨ, ਦੂਰਦਰਸ਼ਨ ਕੇਂਦਰਾਂ ਦੇ ਸਟੂਡੀਓਜ਼ ਨੂੰ ਡਿਜੀਟਲ ਕਰਨ, ਪੁਰਾਣਿਆਂ ਨੂੰ ਬਦਲ ਕੇ ਨਵੇਂ ਸਟੂਡੀਓਜ਼ ਬਣਾਉਣ, ਨਵੇਂ ਡਿਜੀਟਲ ਟਰਾਂਸਮੀਟਰ ਲਗਾਉਣ ਅਤੇ ਉਪਗ੍ਰਹਿ ਪ੍ਰਸਾਰਣ ਨੂੰ ਮਜ਼ਬੂਤਕਰਨ ਲਈ ਸਾਜ਼ੋ ਸਮਾਨ ਖਰੀਦਣ ਉਤੇ ਖਰਚੀ ਜਾਵੇਗੀ। ਸ਼੍ਰੀਮਤੀ ਸੋਨੀ ਨੇ ਲੋਕ ਸਭਾ ਵਿੱਚ
ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿੱਚ ਇਸ ਵੇਲੇ ਦੂਰਦਰਸ਼ਨ 66 ਸਟੂਡੀਓਜ਼ ਕੇਂਦਰ ਹਨ ਜਿਨਾਂ ਵਿਚੋਂ 23 ਕੇਂਦਰਾਂ ਨੂੰ ਡਿਜੀਟਲ ਬਣਾਉਣ ਦਾ ਕੰਮ ਜਾਂ ਤਾਂ ਮੁਕੰਮਲ ਕਰ ਲਿਆ ਗਿਆ ਹੈ ਜਾਂ ਮੁਕੰਮਲ ਹੋਣ ਵਾਲਾ ਹੈ। ਇਸ ਤੋਂ ਇਲਾਵਾ 39 ਸਟੂਡੀਓਜ਼ ਕੇਂਦਰਾਂ ਨੂੰ ਅੰਸ਼ਿਕ ਤੌਰ ‘ਤੇ ਡਿਜੀਟਲ ਕੀਤਾ ਗਿਆ ਹੈ ਜਿਨ੍ਹਾਂ ਨੂੰ 11ਪੰਜ ਸਾਲਾ ਯੋਜਨਾ ਦੌਰਾਨ ਮੁਕੰਮਲ ਤੌਰ ‘ਤੇ ਡਿਜੀਅਲ ਕਰ ਦਿੱਤਾ ਜਾਵੇਗਾ। ਸ਼੍ਰੀਮਤੀ ਸੋਨੀ ਨੇ ਕਿਹਾ ਹੈ ਕਿ ਐਨਾਲੋਗ ਵਾਲੇ ਬਾਕੀ ਬਚਦੇ ਚਾਰ ਸਟੂਡੀਓਜ਼ ਨੂੰ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਡਿਜੀਟਲ ਕੀਤਾ ਜਾਵੇਗਾ। ਇਸ ਤੋਂ ਇਲਾਵਾ 14 ਹਾਈ ਪਾਵਰ ਤੇ 60 ਘਟ ਸ਼ਕਤੀ ਵਾਲੇ ਟਰਾਂਸਮੀਟਰਾਂ ਨੂੰ ਆਧੁਨਿਕੀ ਕਰਨ ਸਕੀਮ ਤਹਿਤ ਬਦਲਿਆ ਜਾਵੇਗਾ । ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਦੱਸਿਆ ਕਿ ਉਪਗ੍ਰਹਿ ਪ੍ਰਸਾਰਣ ਤੇ ਖ਼ਬਰਾਂ ਦੇ ਉਪਗ੍ਰਹਿ ਮਾਧਿਅਮ ਰਾਹੀਂ ਸਿੱਧੇ ਪ੍ਰਸਾਰਣ ਲਈ ਉਪਲਬੱਧ ਸਹੂਲਤਾਂ ਨੂੰ ਵੀ 11ਵੀਂ ਪੰਜ ਸਾਲਾ ਯੋਜਨਾ ਦੌਰਾਨ ਆਧੁਨਿਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੱਡੀਆਂ ਸਕਰੀਨਾਂ ਉਤੇ ਵਧੀਆ ਕੁਆਲਿਟੀ ਦੀਆਂ ਤਸਵੀਰਾਂ ਪ੍ਰਸਾਰਿਤ ਕਰਨ ਲਈ ਦੂਰਦਰਸ਼ਨ ਵੱਲੋਂ ਉਚ ਪਰਿਭਾਸ਼ਾ ਵਾਲੇ ਪ੍ਰਸਾਰਣ ਨੂੰ ਚਾਲੂ ਕੀਤੇ ਜਾਣ ਦੀ ਤਜਵੀਜ਼ ਹੈ।



