ਵਾਸ਼ਿੰਗਟਨ, 8 ਦਸੰਬਰ -ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਇੱਕ ਯੁੱਧ ਰਾਸ਼ਟਰਪਤੀ ਦੇ ਤੌਰ ਤੇ ਨੋਬਲ ਸ਼ਾਂਤੀ ਪੁਰਸਕਾਰ ਗ੍ਰਹਿਣ ਕਰਨਗੇ ਅਤੇ ਪੁਰਸਕਾਰ ਗ੍ਰਹਿਣ ਕਰਨ ਦੇ ਦੌਰਾਨ ਦੇਣ ਵਾਲੇ ਆਪਣੇ ਭਾਸ਼ਣ ਵਿੱਚ ਉਹ ਅਫਗਾਨਿਸਤਾਨ ਵਿੱਚ ਹੋਰ 30000 ਫੌਜੀ ਭੇਜਣ ਦਾ ਜਿਕਰ ਕਰਨਗੇ। ਇਹ ਪੁੱਛੇ ਜਾਣ ਤੇ ਕਿ ਕੀ ਓਬਾਮਾ ਯੁੱਧ ਰਾਸ਼ਟਰਪਤੀ ਦੇ ਤੌਰ ਤੇ ਪੁਰਸਕਾਰ ਗ੍ਰਹਿਣ ਕਰਨਗੇ, ਵਾਈਟ ਹਾਊਸ ਦੇ ਬੁਲਾਰੇ ਰਾਬਰਟ ਗਿਬਸ ਨੇ ਕਿਹਾ ਕਿ ਯਕੀਨੀ ਤੌਰ ਤੇ। ਗਿਬਸ ਨੇ ਕਿਹਾ ਕਿ ਉਹ ਯੁੱਧ ਰਾਸ਼ਟਰਪਤੀ ਦੇ ਤੌਰ ਤੇ ਪੁਰਸਕਾਰ ਗ੍ਰਹਿਣ ਕਰ ਰਹੇ ਹਨ।
ਇਹ ਪੁੱਛੇ ਜਾਣ ਤੇ ਕਿ ਕੀ ਉਹ ਆਪਣੇ ਸੰਬੋਧਨ ਦੌਰਾਨ ਅਫਗਾਨਿਸਤਾਨ ਵਿੱਚ ਹੋਰ ਫੌਜੀ ਭੇਜਣ ਦਾ ਜਿਕਰ ਕਰਨਗੇ, ਗਿਬਸ ਨੇ ਕਿਹਾ ਕਿ ਓਬਾਮਾ ਇਸ ਗੱਲ ਦਾ ਸਿੱਧਾ ਜਿਕਰ ਕਰਨਗੇ। ਹਾਲਾਂਕਿ ਕਈ ਲੋਕਾਂ ਨੂੰ ਇਸ ਗੱਲ ਤੇ ਹੈਰਾਨੀ ਹੈ ਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਗ੍ਰਹਿਣ ਕਰਨ ਦਾ ਸਮਾਂ ਅਤੇ ਹੋਰ ਫੌਜੀ ਭੇਜੇ ਜਾਣ ਦੀ ਵਚਨਬੱਧਤਾ ਬਿਲਕੁਲ ਉਲਟ ਸਥਿਤੀ ਹੈ। ਓਬਾਮਾ ਇਸ ਹਫਤੇ ਦੇ ਅੰਤ ਵਿੱਚ ਓਸਲੋ ਵਿੱਚ ਸਾਲ 2009 ਦਾ ਸ਼ਾਂਤੀ ਪੁਰਸਕਾਰ ਗ੍ਰਹਿਣ ਕਰਨਗੇ।
ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੇ 9 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਓਬਾਮਾ ਨੇ ਅੰਤਰਰਾਸ਼ਟਰੀ ਕੂਟਨੀਤੀ ਅਤੇ ਲੋਕਾਂ ਦੇ ਵਿਚਾਲੇ ਸਹਿਯੋਗ ਨੂੰ ਮਜਬੂਤ ਕਰਨ ਦੇ ਆਪਣੇ ਆਮ ਕਾਰਜਾਂ ਦੀ ਬਦੌਲਤ 2009 ਦਾ ਸ਼ਾਂਤੀ ਦਾ ਨੋਬਲ ਜਿੱਤਿਆ ਹੈ। ਐਲਾਨ ਤੇ ਪ੍ਰਕ੍ਰਿਆ ਦਿੰਦਿਆਂ ਓਬਾਮਾ ਨੇ ਕਿਹਾ ਸੀ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲਗਦਾ ਕਿ ਮੈਂ ਇਸ ਪੁਰਸਕਾਰ ਦੇ ਲਈ ਸਹੀ ਵਿਅਕਤੀ ਹਾਂ ਜੋ ਅਜਿਹੇ ਲੋਕਾਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਮੈਨੂੰ ਅਤੇ ਪੂਰੀ ਦੁਨੀਆਂ ਨੂੰ ਸ਼ਾਂਤੀ ਦੇ ਆਪਣੇ ਯਤਨਾਂ ਨਾਲ ਖੁਸ਼ ਕੀਤਾ ਹੈ। ਵਾਈਟ ਹਾਊਸ ਨੇ ਕਿਹਾ ਕਿ ਓਬਾਮਾ ਦੀ ਪੁਰਸਕਾਰ ਵਿੱਚ ਮਿਲਣ ਵਾਲੀ ਰਾਸ਼ੀ ਨੂੰ ਚੈਰਿਟੀ ਵਿੱਚ ਦਾਨ ਕਰਨ ਦੀ ਯੋਜਨਾ ਹੈ।



