ਮਾਸਕੋ, 8 ਦਸੰਬਰ – ਭਾਰਤ ਅਤੇ ਰੂਸ ਨੇ ਪਰਮਾਣੂ ਹਥਿਆਰਾਂ ਦੇ ਪ੍ਰਸਾਰ ਅਤੇ ਅੱਤਵਾਦ ਦੇ ਵਿਚਾਲੇ ਸੰਭਾਵਿਤ ਸਬੰਧ ਦੇ ਚੱਲਦੇ ਉਪਜੀਆਂ ਚੁਣੌਤੀਆਂ ਨਾਲ ਫੌਰੀ ਤੌਰ ਤੇ ਨਿਪਟਣ ਦੀ ਜਰੂਰਤ ਦੱਸੀ ਹੈ। ਦੋਵਾਂ ਦੇਸ਼ਾਂ ਨੇ ਚੇਤੰਨ ਕੀਤਾ ਹੈ ਕਿ ਪਰਮਾਣੂ ਹਥਿਆਰਾਂ ਦੇ ਦੁਸ਼ਟ ਤੱਤਾਂ ਦੇ ਹੱਥ ਲੱਗ ਜਾਣ ਦਾ ਖਦਸ਼ਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਸਾਮ੍ਹਣੇ ਖਤਰਾ ਖੜ੍ਹਾ ਕਰਦਾ ਹੈ ਅਤੇ ਇਸ ਨਾਲ ਦੇਸ਼ਾਂ ਦੀ ਸੁਰੱਖਿਆ ਘੱਟ ਹੁੰਦੀ ਹੈ। ਦੋਵਾਂ ਦੇਸ਼ਾਂ ਨੇ ਕਿਸੇ ਵੀ ਰਾਸ਼ਟਰ ਦਾ ਵਿਸ਼ੇਸ਼ ਤੌਰ ਤੇ ਨਾਮ ਨਹੀਂ ਲਿਆ ਪਰ ਰੂਸ ਦੇ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਰੂਸ ਪਾਕਿਸਤਾਨ ਵਿੱਚ ਪਰਮਾਣੂ ਸੰਪੰਤੀਆਂ ਦੇ ਦੁਸ਼ਟ ਤੱਤਾਂ ਦੇ ਕਬਜੇ ਵਿੱਚ ਚਲੇ ਜਾਣ ਦੇ ਖਦਸ਼ੇ ਨੂੰ ਲੈ ਕੇ ਚਿੰਤਿਤ ਹੈ। ਡਾ. ਮਨਮੋਹਨ
ਸਿੰਘ ਅਤੇ ਮੈਦਵੇਦੇਵ ਦੇ ਵਿਚਾਲੇ ਸ਼ਿਖਰ ਵਾਰਤਾ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਦੋਵਾਂ ਦੇਸ਼ਾਂ ਨੇ ਕਿਹਾ ਕਿ ਇਹ ਪਰਮਾਣੂ ਨਿਰਸਸ਼ਤਰੀਕਰਨ ਦੀ ਦਿਸ਼ਾ ਵਿੱਚ ਆਇਆ ਇੱਕ ਮੁਸ਼ਕਿਲ ਬਦਲਾਓ ਹੈ ਅਤੇ ਇਸ ਨਾਲ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਇਸਤੇਮਾਲ ਲਈ ਹੋ ਰਹੇ ਵਿਆਪਕ ਅੰਤਰਰਾਸ਼ਟਰੀ ਸਹਿਯੋਗ ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਸ਼ਿਖਰ ਵਾਰਤਾ ਤੋਂ ਬਾਅਦ ਡਾ. ਮਨਮੋਹਨ ਸਿੰਘ ਦੇ ਨਾਲ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੈਦਵੇਦੇਵ ਨੇ ਕਿਹਾ ਕਿ ਬਿਨਾਂ ਸ਼ੱਕ ਅੱਤਵਾਦ ਇਸ ਸ਼ਤਾਬਦੀ ਅਤੇ ਬੀਤੀ ਸ਼ਤਾਬਦੀ ਦੀ ਇੱਕ ਖਤਰਨਾਕ ਸਮੱਸਿਆ ਹੈ ਅਤੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਇੱਕ ਸੰਵੇਦਨਸ਼ੀਲ ਮਸਲਾ ਹੈ। ਮੈਦਵੇਦੇਵ ਨੇ ਅੱਤਵਾਦੀ ਤੱਤਾਂ ਦੇ ਪਰਮਾਣੂ ਸੰਪੰਤੀਆਂ ਤੇ ਕਬਜਾ ਕਰ ਲੈਣ ਦਾ ਖਦਸ਼ਾ ਪ੍ਰਗਟਾਉਂਦੀਆਂ ਖਬਰਾਂ ਦੀ ਪਿਠਭੂਮੀ ਵਿੱਚ ਪਾਕਿਸਤਾਨ ਦੇ ਜਾਹਿਰ ਸੰਦਰਭ ਵਿੱਚ ਕਿਹਾ ਕਿ ਇਹ ਯਕੀਨੀ ਕਰਾਉਣ ਦੀ ਲੋੜ ਹੈ ਕਿ ਪਰਮਾਣੂ ਸੰਪੰਤੀਆਂ ਸੁਰੱਖਿਅਤ ਹੱਥਾਂ ਵਿੱਚ ਰਹਿਣ ਅਤੇ ਅੱਤਵਾਦੀਆਂ ਦੇ ਹੱਥ ਨਾ ਲੱਗਣ। ਦੋਵਾਂ ਦੇਸ਼ਾਂ ਨੇ ਵੈਸ਼ਵਿਕ ਅਪ੍ਰਸਾਰ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਵੀ ਪ੍ਰਣ ਕੀਤਾ। ਮੀਟਿੰਗ ਅਤੇ ਵਫਦ ਪੱਧਰੀ ਵਾਰਤਾ ਵਿੱਚ ਖੇਤਰੀ ਮੁੱਦਿਆਂ ਤੇ ਹੋਈ ਚਰਚਾ ਦੇ ਦੌਰਾਨ ਡਾ. ਮਨਮੋਹਨ ਸਿਘ ਨੇ ਕਿਹਾ ਕਿ ਭਾਰਤ ਅਤੇ ਰੂਸ ਸਾਡੇ ਖੇਤਰ ਤੋਂ ਉਠਦੇ ਅਤੇ ਦੋਵਾਂ ਦੇਸ਼ਾਂ ਦੇ ਸਮਾਜਾਂ ਦੇ ਸਾਮ੍ਹਣੇ ਖਤਰਾ ਖੜ੍ਹਾ ਕਰਦੇ ਅੱਤਵਾਦ ਅਤੇ ਧਾਰਮਿਕ ਅੱਤਵਾਦ ਨਾਲ ਉਪਜੀਆਂ ਗੰਭੀਰ ਚੁਣੌਤੀਆਂ ਨਾਲ ਨਿਪਟਣ ਦੀ ਦਿਸ਼ਾ ਵਿੱਚ ਸਹਿਯੋਗ ਨੂੰ ਵਿਸਤਾਰ ਦੇਣ ਤੇ ਸਹਿਮਤ ਹੋਏ ਹਨ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਸਥਿਰ, ਖੁਸ਼ਹਾਲ ਅਤੇ ਉਦਾਰਵਾਦੀ ਅਫਗਾਨਿਸਤਾਨ ਵਿੱਚ ਹਿਤ ਹਨ। ਅਸੀਂ ਇਸ ਮਹੱਤਵਪੂਰਨ ਮੁੱਦੇ ਤੇ ਇੱਕ-ਦੂਜੇ ਦੇ ਨਾਲ ਨਿਯਮਿਤ ਸਲਾਹ- ਮਸ਼ਵਰਾ ਕਰਨ ਤੇ ਸਹਿਮਤ ਹੋਏ ਹਨ।



