ਬੈਂਕਾਕ, 8 ਦਸੰਬਰ – ਥਾਈਲੈਂਡ ਦੇ ਕਸਟਮ ਅਧਿਕਾਰੀਆਂ ਨੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਦੇਸ਼ ਦੇ ਮੁੱਖ ਹਵਾਈ ਅੱਡੇ ਤੇ ਪੇਟ ਵਿੱਚ ਐਲਮੂਨੀਅਮ ਫਾਇਲ ਵਿੱਚ ਰੱਖੀ ਲਗਭਗ ਇੱਕ ਕਿਲੋਗ੍ਰਾਮ ਭਾਰ ਦੀ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਨਾਗਰਿਕ ਚੌਧਰੀ ਏਜਾਜ ਰਸੂਲ ਨੂੰ ਸੁਵਰਨਭੂਮੀ ਹਵਾਈ ਅੱਡੇ ਤੇ ਕਸਟਮ ਜਾਂਚ ਦੇ ਸਮੇਂ ਸੋਮਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਾਕਿਸਤਾਨ ਦੇ ਲਾਹੌਰ ਤੋਂ ਥਾਈਲੈਂਡ ਆਉਣ ਵਾਲੇ ਜਹਾਜ ਵਿੱਚ ਆਇਆ ਸੀ।
ਇੱਕ ਸੀਨੀਅਰ ਕਸਟਮ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਹੈਰੋਇਨ ਦੇ 98 ਛੋਟੇ-ਛੋਟੇ ਪੈਕੇਟਾਂ ਨੂੰ ਨਿਗਲ ਲਿਆ ਸੀ ਜੋ ਐਲਮੂਨੀਅਮ ਵਿੱਚ ਲਪੇਟੇ ਗਏ ਸਨ। ਉਹਨਾਂ ਕਿਹਾ
ਕਿ ਰਸੂਲ ਤੇ ਟਾਇਲਟ ਜਾ ਕੇ ਨਸ਼ੀਲੇ ਪਦਾਰਥ ਕੱਢਣ ਦਾ ਦਬਾਅ ਪਾਇਆ ਗਿਆ ਜਿਸ ਦਾ ਭਾਰ ਲਗਭਗ ਇੱਕ ਕਿਲੋ ਤਿੰਨ ਸੌ ਗ੍ਰਾਮ ਸੀ ਅਤੇ ਉਸ ਦਾ ਬਾਜਾਰ ਮੁੱਲ ਇੱਕ ਲੱਖ ਸਤਾਰਾ ਹਜਾਰ ਸੱਤ ਸੌ ਪੰਜਾਹ ਅਮਰੀਕੀ ਡਾਲਰ (ਲਗਭਗ 58 ਲੱਖ 87 ਹਜਾਰ ਪੰਜ ਸੌ ਰੁਪਏ ਦਾ ਹੈ।
ਕਸਟਮ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਇਹ ਸਵੀਕਾਰ ਕੀਤਾ ਹੈ ਕਿ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਨੂੰ ਕਿਹਾ ਗਿਆ ਸੀ ਅਤੇ ਉਹ ਵਿਅਕਤੀ ਬੈਂਕਾਕ ਦੇ ਇੱਕ ਹੋਟਲ ਤੋਂ ਉਸ ਨੂੰ ਮਿਲਣ ਆਉਣ ਵਾਲਾ ਸੀ। ਜਿਕਰਯੋਗ ਹੈ ਕਿ ਰਸੂਲ ਤੇ ਏ ਸ਼੍ਰੇਣੀ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਹੈ, ਜਿਸ ਦੇ ਅਧੀਨ ਦੋਸ਼ੀ ਨੂੰ ਥਾਈਲੈਂਡ ਵਿੱਚ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।



