ਮੈਲਬਰਨ, 4 ਦਸੰਬਰ – ਆਸਟ੍ਰੇਲੀਆ ਵਿੱਚ ਅਧਿਕਾਰੀਆਂ ਨੇ ਪਿਛਲੇ ਦੋ ਦਿਨ ਵਿੱਚ ਦੋ ਕਿਸ਼ਤੀਆਂ ਸਮੇਤ 75 ਲੋਕਾਂ ਨੂੰ ਰੋਕਿਆ। ਫੜੇ ਗਏ ਲੋਕਾਂ ਵਿਚੋਂ ਜ਼ਿਆਦਾਤਰ ਸ਼ਰਨਾਰਥੀ ਹਨ। ਏਬੀ ਸੀ ਦੀਆਂ ਖਬਰਾਂ ਅਨੁਸਾਰ ਦੇਸ਼ ਦੇ ਉਤਰ ਪੱਛਮ ਇਲਾਕੇ ਵਿੱਚ ਸਥਿਤ ਡਾਰਵਿਨ ਵਿੱਚ ਇਨ੍ਹਾਂ ਕਿਸ਼ਤੀਆਂ ਨੂੰ ਦੇਖਿਆ ਗਿਆ ਸੀ। ਇਸ ਵਿੱਚ ਇੱਕ ਕਿਸ਼ਤੀ ਵਿੱਚ 15 ਸ਼ਰਨਾਰਥੀ ਅਤੇ ਚਾਲਕ ਦੇ ਤਿੰਨ ਮੈਂਬਰ ਸਨ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਫੜੇ ਗਏ ਸਾਰੇ ਲੋਕ ਸੁਰੱਖਿਅਤ ਹਨ ਅਤੇ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਣਾਂ ਕਰਕੇ ਉਨ੍ਹਾਂ ਨੂੰ ਕ੍ਰਿਸਮਸ ਟਾਪੂ ਲਿਜਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ। ਜਿਕਰਯੋਗ ਹੈ ਕਿ ਵੀਰਵਾਰ ਨੂੰ ਆਸਟ੍ਰੇਲੀਆਈ ਅਧਿਕਾਰੀਆਂ ਨੇ ਇੱਕ ਹੋਰ ਕਿਸ਼ਤੀ ਨੂੰ ਫੜਿਆ, ਜਿਸ ਵਿੱਚ 53 ਅਜਿਹੇ ਲੋਕ ਸਵਾਰ ਸਨ ਜੋ ਸ਼ਰਣ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਕਿਸ਼ਤੀ ਵਿੱਚ ਚਾਲਕ ਦਲ ਦੇ ਚਾਰ ਮੈਂਬਰ ਮੌਜੂਦ ਸਨ। ਇਨ੍ਹਾਂ ਸਾਰੇ ਲੋਕਾਂ ਨੂੰ ਕ੍ਰਿਸਮਸ ਟਾਪੂ ਭੇਜ ਦਿੱਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕ੍ਰਿਸਮਸ ਟਾਪੂ ਤੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਦੀ ਸਮਰਥਾ ਵਿੱਚ ਵਿਸਤਾਰ ਕਰ ਰਹੀ ਹੈ। ਇਸ ਮਹੀਨੇ ਦੇ ਮੱਧ ਤੱਕ ਇੱਥੇ 1600 ਲੋਕਾਂ ਨੂੰ ਰੱਖਣ ਦੀ ਵਿਵਸਥਾ ਕਰ ਲਈ ਜਾਵੇਗੀ।



