ਮੈਲਬੋਰਨ, 13 ਨਵੰਬਰ – ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਟੈਕਸੀ ਚਾਲਕ ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ੀ ਆਸਟ੍ਰੇਲੀਆਈ ਨਾਗਰਿਕ ਨੂੰ ਸਾਢੇ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਐਲਿਜਾਬੇਥ ਕਰਟੇਨ ਨੇ ਪਾਰਿਸ਼ ਚਾਰਲਸ ਨੂੰ ਸਾਢੇ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਚਾਰਲਸ ਨੇ 23 ਸਾਲਾ ਟੈਕਸੀ ਚਾਲਕ ਜਲਵਿੰਦਰ ਸਿੰਘ ਤੇ ਹਮਲੇ ਵਿੱਚ ਇਸਤੇਮਾਲ ਚਾਕੂ ਨੂੰ ਆਪਣੀ ਪੈਂਟ ਵਿੱਚ ਲੁਕਾ ਕੇ ਰੱਖਿਆ ਸੀ। ਇਸ ਨਾਲ ਜਾਹਿਰ ਹੁੰਦਾ ਹੈ ਕਿ ਉਹ ਵਾਰਦਾਤ ਗੈਰ ਇਰਾਦਤਨ ਨਹੀਂ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜੱਜ ਨੇ ਕਿਹਾ ਕਿ ਹਮਲੇ ਨਾਲ ਜਲਵਿੰਦਰ ਸਿੰਘ ਨੂੰ ਸਰੀਰਕ ਅਤੇ ਮਾਨਸਿਕ ਸੱਟ ਲੱਗੀ ਹੈ। ਇਸ ਨਾਲ ਉਸਦੀ ਜਿੰਦਗੀ ਤੇ ਕਾਫੀ ਅਸਰ ਪਵੇਗਾ। ਚਾਰਲਸ ਨੇ ਚਾਕੂ ਨਾਲ ਜਲਵਿੰਦਰ ਸਿੰਘ ਤੇ ਪਿੱਛੋਂ
ਪੰਜ ਵਾਰ ਹਮਲਾ ਕੀਤਾ ਸੀ। ਖੂਨ ਨਾਲ ਲਥਪਥ ਜਲਵਿੰਦਰ ਸਿੰਘ ਨੂੰ ਉ¤ਥੋਂ ਲੰਘ ਰਹੇ ਇੱਕ ਟਰੱਕ ਚਾਲਕ ਨੇ ਗਟਰ ਵਿੱਚ ਪਾਇਆ ਸੀ। ਇਸ ਘਟਨਾ ਨਾਲ ਨਾਰਾਜ ਟੈਕਸੀ ਚਾਲਕਾਂ ਨੇ ਮੱਧ ਮੈਲਬੋਰਨ ਦੀਆਂ ਸੜਕਾਂ ਤੇ ਕਰੀਬ 22 ਘੰਟੇ ਤੱਕ ਜਾਮ ਲਗਾਇਆ ਸੀ। ਜਸਟਿਸ ਕਰਟੇਨ ਨੇ ਕਿਹਾ ਕਿ ਹਮਲਾਵਰ ਸਾਲ 1986 ਵਿੱਚ ਕਰਵਾਈ ਗਈ ਜਾਂਚ ਵਿੱਚ ਐਚ ਆਈ ਵੀ ਨਾਲ ਗ੍ਰਸਤ ਪਾਇਆ ਗਿਆ ਸੀ ਅਤੇ ਹਮਲੇ ਦੇ ਸਮੇਂ ਉਹ ਆਪਣੇ ਇਲਾਜ ਨੂੰ ਲੈ ਕੇ ਤਨਾਓਗ੍ਰਸਤ ਸੀ।



