ਮੈਲਬੋਰਨ, 11 ਨਵੰਬਰ – ਇੱਕ ਭਾਰਤੀ ਵਿਦਿਆਰਥੀ ਇੱਥੇ ਪਿਛਲੇ ਛੇ ਦਿਨ ਤੋਂ ਲਾਪਤਾ ਹੈ ਜਿਸ ਨਾਲ ਉਸ ਦੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਹੈ। 22 ਸਾਲਾ ਦੀਪਕ ਕੁਮਾਰ ਚੌਧਰੀ ਨੂੰ ਆਖਰੀ ਵਾਰ ਪਿਛਲੇ ਵੀਰਵਾਰ ਨੂੰ ਸਵੇਰੇ ਪੰਜ ਵਜ ਕੇ 20 ਮਿੰਟ ਤੋਂ ਛੇ ਵਜ ਕੇ ਤੀਹ ਮਿੰਟ ਦੇ ਵਿਚਾਲੇ ਕ੍ਰਾਉਨ ਕੈਸਿਨੋ ਵੱਲ ਜਾਂਦੇ ਦੇਖਿਆ ਗਿਆ ਸੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਸ ਦੇ ਨਾਲ ਰਹਿਣ ਵਾਲੇ ਵਿਦਿਆਰਥੀਆਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ।
ਗਲੇਨ ਆਈਰਿਸ ਵਿੱਚ ਪੁਲੀਸ ਅਤੇ ਉਸ ਦੇ ਸਾਥੀ ਵਿਦਿਆਰਥੀ ਚੌਧਰੀ ਨਾਲ ਸੰਪਰਕ ਕਰਨ ਵਿੱਚ ਨਾਕਾਮ ਰਹੇ ਹਨ ਕਿਉਂਕਿ ਉਸ ਦੇ ਮੋਬਾਈਲ ਫੋਨ ਤੇ ਫੋਨ ਕਰਨ ਨਾਲ ਤੁਰੰਤ ਉਹ ਵਾਇਸਮੇਲ ਵਿੱਚ ਚਲਾ ਜਾਂਦਾ ਹੈ। ਇਸ ਨਾਲ ਲੱਗਦਾ ਹੈ ਕਿ ਫੋਨ ਦੀ ਬੈਟਰੀ ਖਤਮ ਹੋ ਗਈ ਹੈ ਜਾਂ ਫੋਨ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਚੌਧਰੀ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਜਨਤਾ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।



