ਮੈਲਬਰਨ, 26 ਅਕਤੂਬਰ -ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਖਿਲਾਫ ਹਮਲਿਆਂ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਕੜੀ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਇੱਕ ਸਮੂਹ ਨੇ ਇੱਥੇ ਬਸ ਸਟੈਂਡ ਤੇ ਸੌਂ ਰਹੇ ਇੱਕ ਸਿੱਖ ਲੜਕੇ ਦੇ ਸਿਰ ਤੇ ਵਾਰ ਕੀਤਾ ਅਤੇ ਉਸਦੀ ਪੱਗ ਉਤਾਰ ਦਿੱਤੀ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਸਾਲ ਦੇ ਇਸ ਨੌਜਵਾਨ ਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤੇ ਜਾਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ ਦੀ ਇਸ ਘਟਨਾ ਵਿੱਚ ਸੌਂ ਰਹੇ ਲੜਕੇ ਦੇ ਸਿਰ ਤੇ ਵਾਰ ਕੀਤਾ ਗਿਆ ਅਤੇ ਉਸਦੀ ਪੱਗ ਉਤਾਰ ਦਿੱਤੀ। ਹਾਲਾਂਕਿ ਇਸ ਭਾਰਤੀ ਲੜਕੇ ਦਾ ਨਾਮ ਅਤੇ ਹੋਰ ਬਿਊਰੇ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ।‘ਦੀ ਏਜ’ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕੋਪਰ ਸਟ੍ਰੀਟ ਵਿੱਚ ਇਹ ਨੌਜਵਾਨ ਏਪਿੰਗ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਬੱਸ ਸਟੈਂਡ ਤੇ ਸੁੱਤਾ ਪਿਆ ਸੀ। ਐਤਵਾਰ ਦੀ ਰਾਤ ਕਰੀਬ ਪੌਣੇ ਇੱਕ ਵਜੇ ਇੱਕ ਬੱਸ ਡਿੱਪੂ ਵਿੱਚ ਆਈ ਅਤੇ ਉਸ ਵਿਚੋਂ ਪੰਜ ਲੋਕ ਉਤਰੇ ਜੋ 17 ਤੋਂ 19 ਸਾਲ ਦੀ ਉਮਰ ਦੇ ਸਨ। ਇਹ ਪੰਜੇ ਇਸ ਨੌਜਵਾਨ ਵੱਲ ਵਧੇ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਪੰਜਾਂ ਵਿਚੋਂ ਦੋ ਨੌਜਵਾਨਾਂ ਨੇ ਕਥਿਤ ਤੌਰ ਤੇ ਭਾਰਤੀ ਨੌਜਵਾਨ ਤੇ ਹਮਲਾ ਕੀਤਾ ਜਦੋਂਕਿ ਉਨ੍ਹਾਂ ਦੇ ਤਿੰਨ ਸਾਥੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। 60 ਸਾਲਾ ਬਸ ਚਾਲਕ ਅਤੇ ਇੱਕ ਰਾਹਗੀਰ ਨੇ ਵੀ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਪੰਜੇ ਨੌਜਵਾਨ ਘਟਨਾ ਸਥਾਨ ਤੋਂ ਭੱਜਣ ਵਿੱਚ ਕਾਮਯਾਬ ਰਹੇ।ਰਿਪੋਰਟ ਅਨੁਸਾਰ ਪੀੜਤ ਦੇ ਮੂੰਹ ਤੇ ਸੱਟਾਂ ਆਈਆਂ ਹਨ। ਪਰ ਉਸ ਨੂੰ ਇਲਾਜ ਦੀ ਜਰੂਰਤ ਨਹੀਂ ਹੈ। ਪੁਲੀਸ ਨੇ ਇਸ ਮਾਮਲੇ ਦੇ ਪ੍ਰਤੱਖ ਦਰਸ਼ੀਆਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਵਿਦਿਆਰਥੀਆਂ ਅਤੇ ਲੋਕਾਂ ਦੇ ਖਿਲਾਫ ਨਸਲੀ ਹਿੰਸਾ ਨਾਲ ਪ੍ਰੇਰਿਤ ਹਮਲਿਆਂ ਦੀ ਸ਼੍ਰੇਣੀ ਵਿੱਚ ਇਹ ਤਾਜਾ ਹਮਲਾ ਹੈ। ਜੂਨ ਤੋਂ ਅਗਸਤ ਦੇ ਦੌਰਾਨ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰੀਬ 30 ਭਾਰਤੀ ਵਿਦਿਆਰਥੀਆਂ ਤੇ ਹਮਲੇ ਹੋ ਚੁੱਕੇ ਹਨ। ਪਿਛਲੇ ਮਹੀਨੇ ਇੱਕ ਭਾਰਤੀ ਵਿਦਿਆਰਥੀ ਤੇ ਬੇਸਬਾਲ ਬੱਲੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸਦੇ ਸਿਰ ਤੇ 20 ਟਾਂਕੇ ਲੱਗੇ ਸਨ। ਇਸ 28 ਸਾਲਾ ਵਿਦਿਆਰਥੀ ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਕੇਲਰ ਪਲੇਂਸ ਟ੍ਰੇਨ ਸਟੇਸ਼ਨ ਤੇ ਇੱਕ ਬਸ ਤੋਂ ਉਤਰਿਆ ਸੀ। ਸਤੰਬਰ ਵਿੱਚ ਕਰੀਬ 70 ਲੜਕਿਆਂ ਦੇ ਇੱਕ ਸਮੂਹ ਨੇ ਇੱਥੇ ਖੇਡ ਦੌਰਾਨ ਤਿੰਨ ਭਾਰਤੀਆਂ ਤੇ ਹਮਲਾ ਕੀਤਾ ਸੀ।



