September 14, 2009

ਅੱਜ ਕਣਕਾਂ ਦਾ ਬਾਬਲ ਖੋਇਆ : ਗੁਰਭਜਨ ਸਿੰਘ ਗਿੱਲ

ਦੇਸ਼ ਦੀ ਅਜਾਦੀ ਮਗਰੋਂ ਜਦੋਂ ਭਾਰਤ ਦੇਸ਼ ਦਾਣੇ ਦਾਣੇ ਨੂੰ ਤਰਸ ਰਿਹਾ ਸੀ ਅਤੇ ਠੂਠਾ ਫੜਕੇ ਵਿਦੇਸ਼ਾਂ ਵਿੱਚ ਅਨਾਜ ਮੰਗਣ ਜਾਂਦਾ ਸੀ। ਕਦੇ ਭਾਰਤ ਵਾਸੀਆਂ ਨੂੰ ਦੇਸ਼ ਦਾ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸਤਰੀ ਸੋਮਵਾਰ ਦੀ ਰੋਟੀ ਛੱਡ ਕੇ ਵਰਤ ਰੱਖਣ ਦੀ ਸਲਾਹਾਂ ਦਿੰਦਾ ਸੀ, ਬਿਲਕੁਲ ਉਸੇ ਵਕਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਉਸਾਰੀ ਹੋਈ ਅਤੇ ਇਥੋਂ ਦੇ ਵਿਗਿਆਨੀਆਂ ਨੂੰ ਅੰਤਰਰਾਸ਼ਟਰੀ ਕਣਕ ਅਤੇ ਮੱਕੀ ਖੋਜ ਕੇਂਦਰ ਮੈਕਸੀਕੋ ਵਿਖੇ ਸਿਖਲਾਈ ਲਈ ਭੇਜਿਆ ਜਾਣ ਲੱਗਾ।
        ਦੇਸ਼ ਦੇ ਵਿਗਿਆਨੀਆਂ ਨੂੰ ਕਣਕ ਖੋਜ ਵਿੱਚ ਸੇਧ ਦੇਣ ਵਾਲੇ ਪ੍ਰਮੁੱਖ ਵਿਗਿਆਨੀ ਡਾ. ਨੌਰਮਨ ਈ ਬੋਰਲਾਗ ਬੀਤੀ ਰਾਤ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਹਨ। ਨੋਬਲ ਪੁਰਸਕਾਰ ਵਿਜੇਤਾ ਡਾ. ਨੌਰਮਨ ਈ ਬੋਰਲਾਗ ਨੇ ਕਣਕ ਖੋਜ ਵਿੱਚ ਮੱਧਰੀਆਂ ਕਿਸਮਾਂ ਦੀ ਖੋਜ ਕੀਤੀ ਅਤੇ ਇਸ ਨੂੰ ਸਮੁੱਚੇ ਵਿਸ਼ਵ ਵਿੱਚ ਪਰਖਣ ਲਈ ਭੇਜਿਆ। ਕਿਤੋਂ ਵੀ ਚੰਗੇ ਨਤੀਜੇ ਨਾ ਮਿਲੇ ਪਰ ਭਾਰਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਨਾਂ ਮੱਧਰੀਆਂ

ਕਿਸਮਾਂ ਨੂੰ ਦੇਸ਼ ਦੀ ਹੀ ਨਹੀਂ ਸਗੋਂ ਸਾਰੇ ਵਿਸ਼ਵ ਭੁੱਖਮਰੀ ਦੂਰ ਕਰਨ ਵਾਲੀਆਂ ਸਾਬਤ ਕੀਤਾ। ਇਹ ਗੱਲ ਕਿਸੇ ਹੋਰ ਦੀ ਦੱਸੀ ਹੋਈ ਨਹੀਂ ਸਗੋਂ ਡਾ. ਨੌਰਮਨ ਈ ਬੋਰਲਾਗ ਨੇ ਆਪਣੀ ਮਾਰਚ 2005 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੇਰੀ ਦੌਰਾਨ ਖੁਦ ਦੱਸੀ।
        ਵਿਗਿਆਨ ਵਿਚੋਂ ਬਨਸਪਤੀ ਰੋਗ ਵਿਗਿਆਨ ਦੇ ਮਾਹਰ ਡਾ. ਨੌਰਮਨ ਈ ਬੋਰਲਾਗ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਤਾਂ ਦਿਲ ਛੱਡ ਦਿੱਤਾ ਪਰ ਪੰਜਾਬ ਨੇ ਮੇਰੀ ਪਿੱਠ ਥਾਪੜ ਕੇ ਮੈਨੂੰ ਨੋਬਲ ਪੁਰਸਕਾਰ ਜੇਤੂ ਬਣਨ ਵਿੱਚ ਮਦਦ ਕੀਤੀ। ਡਾ. ਬੋਰਲਾਗ 95 ਵਰਿ•ਆ ਦੀ ਉਮਰ ਵਿੱਚ ਬੀਤੀ ਸ਼ਾਮ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸਾਨੂੰ ਸਭ ਨੂੰ ਅਲਵਿਦਾ ਕਹਿ ਗਏ ਹਨ। ਖੇਤੀਬਾੜੀ ਵਿੱਚ ਨੋਬਲ ਪੁਰਸਕਾਰ ਦੀ ਸ੍ਰੇਣੀ ਨਾ ਹੋਣ ਕਰਕੇ ਉਨਾਂ ਨੂੰ ਵਿਸ਼ਵ ਅਮਨ ਲਈ ਪਾਏ ਯੋਗਦਾਨ ਬਦਲੇ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਕਿਉਂਕਿ ਜੇ ਉਹ ਮੱਧਰੀਆਂ ਕਿਸਮਾਂ ਦੀਆਂ ਕਣਕਾਂ ਦੀ ਖੋਜ ਨਾ ਕਰਦੇ ਤਾਂ ਲੋਕਾਂ ਨੂੰ ਰੋਟੀ ਬਦਲੇ ਹੁਣ ਨੂੰ ਤੀਸਰੀ ਵਿਸ਼ਵ ਜੰਗ ਛੇੜਕੇ ਮਰ ਖੱਪ ਜਾਣਾ ਸੀ।
            ਡਾ. ਬੋਰਲਾਗ ਇਸ ਵੇਲੇ ਵੀ ਅਮਰੀਕਾ ਦੀ ਟੈਕਸਾਸ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਰਵੋਤਮ ਪ੍ਰੋਫੈਸਰ ਵਜੋਂ ਕਾਰਜਸ਼ੀਲ ਸਨ। ਉਹ ਆਪਣੇ ਪਿਛੇ ਆਪਣੀ ਬੇਟੀ ਜੀਨੀ ਬੋਰਲਾਗ, ਉਸਦੇ ਦੇ ਪਤੀ ਰੈਕਸ, ਆਪਣੇ ਪੁੱਤਰ ਵਿਲੀਅਮ ਗਿਬਸਨ ਬੋਰਲਾਗ ਅਤੇ ਨੂੰ ਬਾਰਬੀ ਤੋਂ ਇਲਾਵਾ ਪੰਜ ਪੋਤਰੇ, ਦੋਹਤਰੇ ਅਤੇ ਛੇ ਪੜਪੋਤਰੇ ਅਤੇ ਪੜਦੋਹਤਰੇ ਛੱਡ ਗਏ ਹਨ।
            ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਾਰਚ 2005 ਦੀ ਫੇਰੀ ਦੌਰਾਨ ਡਾ. ਬੋਰਲਾਗ ਨੇ ਕਿਹਾ ਸੀ ਕਿ ਇਹ ਫੇਰੀ ਉਹਨਾਂ ਦੀ ਸ਼ਾਇਦ ਆਖਰੀ ਹੋਵੇ ਕਿਉਂਕਿ ਹੁਣ ਉਹਨਾਂ ਦਾ ਸਰੀਰ ਸਫਰ ਵਿੱਚ ਥੱਕ ਜਾਂਦਾ ਹੈ। ਡਾ. ਬੋਰਲਾਗ ਦੇ ਸਵਾਗਤ ਲਈ ਉਦੋਂ ਦੇ ਵਾਈਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ ਦੀ ਅਗਵਾਈ ਵਿੱਚ ਸਾਰੀ ਯੂਨੀਵਰਸਿਟੀ ਹੀ ਪੱਬਾਂ ਭਾਰ ਨਹੀਂ ਹੋਈ ਸਗੋਂ ਸਾਰਾ ਪੰਜਾਬ ਹੀ ਉਹਨਾਂ ਨੂੰ ਨਤਮਸਤਕ ਹੋਇਆ। ਕਾਰਣ ਸਪੱਸ਼ਟ ਸੀ ਕਿ ਜਿਥੇ ਕਿਤੇ ਵੀ ਕਣਕ ਦੀਆਂ ਨਵੀਂ ਕਿਸਮਾਂ ਦਾ ਬੂਟਾ ਖੜਾ ਦਿਸਦਾ ਸੀ ਉਥੇ ਉਥੇ ਡਾ. ਬੋਰਲਾਗ ਵੀ ਸੁਚੇਤ ਹਾਜ਼ਰੀ ਸੀ। ਡਾ. ਬੋਰਲਾਗ ਨੇ ਇਸ ਫੇਰੀ ਦੌਰਾਨ ਲੁਧਿਆਣਾ ਜਿਲ•ੇ ਦੇ ਪਿੰਡ ਗੁਰੂਸਰ ਸੁਧਾਰ ਵਿੱਚ ਪ੍ਰਿੰਸੀਪਲ ਭਗਵੰਤ ਸਿੰਘ ਗਿੱਲ ਦੇ ਖੇਤਾਂ ਦਾ ਵੀ ਦੌਰਾ ਕੀਤਾ ਜਿਥੇ ਯੂਨੀਵਰਸਿਟੀ ਵਲੋਂ ਫਸਲ ਵਿਗਿਆਨੀ ਡਾ. ਸੁਖਰਾਜ ਸਿੰਘ ਢਿੱਲੋਂ ਨੇ ਤਜਰਬੇ ਬੀਜੇ ਹੋਏ ਸਨ। ਇਸੇ ਫੇਰੀ ਦੌਰਾਨ ਡਾ. ਸਰਦਾਰਾ ਸਿੰਘ ਜੌਹਲ ਦੀ ਪੇਸ਼ਕਸ਼ ਤੇ ਉਹ ਡਾ. ਦਲੇਰ ਸਿੰਘ ਦੇ ਲਾਡੋਵਾਲ ਸਥਿਤ ਫਾਰਮ ਤੇ ਵੀ ਗਏ। ਡਾ. ਬੋਰਲਾਗ ਨੇ ਪਾਲ ਆਡੀਟੋਰੀਅਮ ਪੀ ਏ ਯੂ ਲੁਧਿਆਣਾ ਵਿਖੇ ਫਰਾਮ ਗਰੀਨ ਰੈਵੋਲੂਸ਼ਨ ਟੂ ਜੀਂਨ ਰੈਵੋਲੂਸ਼ਨ ਵਿਖੇ ਆਪਣਾ ਵਿਸ਼ੇਸ਼ ਭਾਸ਼ਣ ਵੀ ਦਿੱਤਾ। ਯੂਨੀਵਰਸਿਟੀ ਵਲੋਂ ਇੱਕ ਪ੍ਰਯੋਗਸ਼ਾਲਾ ਵੀ ਡਾ. ਬੋਰਲਾਗ ਨੂੰ ਸਮਰਪਿਤ ਕੀਤੀ ਗਈ ਹੈ।
            ਡਾ. ਬੋਰਲਾਗ ਨੇ ਇਸ ਫੇਰੀ ਦੌਰਾਨ ਇਹ ਗੱਲ ਵੰਗਾਰ ਕੇ ਕਹੀ ਕਿ ਬਲਦੀ ਅੱਗ ਵਿੱਚ ਮਸ਼ਕਾਂ ਦਾ ਭਾਅ ਨਹੀਂ ਪੁੱਛਿਆ ਜਾਂਦਾ ਇਸ ਲਈ ਜੇ ਦੇਸ਼ਾਂ ਨੇ ਅਜਾਦੀ ਮਾਨਣੀ ਹੈ ਤਾਂ ਉਹ ਹਥਿਆਰਾਂ ਦੀ ਥਾਂ ਖੇਤੀ ਖੋਜ ਦਾ ਬਜਟ ਵਧਾਉਣ। ਵਿਗਿਆਨੀ ਵੀ ਆਪਣੇ ਪੁਰਾਣੇ ਇਤਿਹਾਸ ਤੇ ਮਾਣ ਕਰਨ ਦੀ ਥਾਂ ਭਵਿੱਖ ਤੇ ਸੁਚੇਤ ਨਜਰ ਰੱਖਣ ਕਿਉਂਕਿ ਵੱਧਦੀ ਵਿਸ਼ਵ ਅਬਾਦੀ ਦਾ ਢਿੱਡ ਭਰਨ ਲਈ ਅਨਾਜ ਲੋੜੀਂਦਾ ਹੈ, ਗੱਲਾਂ ਨਹੀਂ। ਉਹਨਾਂ ਇਹ ਗੱਲ ਵੀ ਨਿਤਾਰ ਕੇ ਆਖੀ ਕਿ ਜੀਂਨ ਰੈਵੋਲੂਸ਼ਨ ਬਗੈਰ ਵਿਸ਼ਵ ਖੁਰਾਕ ਜਰੂਰਤਾਂ ਪੂਰੀਆਂ ਕਰ ਸਕਣੀਆਂ ਅਸੰਭਵ ਹਨ। ਉਹਨਾਂ ਇਹ ਗੱਲ ਵੀ ਆਖੀ ਕਿ ਜਿਹੜੇ ਲੋਕ ਅੱਜ ਆਰਗੈਨਿਕ ਖੇਤੀ ਦੇ ਗੀਤ ਗਾਉਂਦੇ ਹਨ ਉਹ ਹਕੀਕਤ ਵੱਲ ਨਜਰ ਨਹੀਂ ਕਰ ਰਹੇ ਕਿਉਂਕਿ ਵਿਕਸਤ ਕਿਸਮਾਂ ਨੇ ਹੀ ਸਾਡੀਆਂ ਅਨਾਜ ਲੋੜਾਂ ਪੂਰੀਆਂ ਕਰਨੀਆਂ ਹਨ।
        ਡਾ. ਬੋਰਲਾਗ ਨੇ ਡਾ. ਕ੍ਰਿਪਾਲ ਸਿੰਘ ਔਲਖ ਨੂੰ ਭਰੀ ਸਭਾ ਵਿੱਚ ਇਹ ਗੱਲ ਜੋਰ ਦੇ ਕੇ ਆਖੀ ਕਿ ਮੈਂ ਵੀ ਤੁਹਾਡੇ ਵਾਂਗ ਪਹਿਲਵਾਨ ਵੀ ਹਾਂ ਅਤੇ ਬਨਸਪਤੀ ਰੋਗ ਵਿਗਿਆਨੀ ਵੀ। ਇਸ ਲਈ ਮੈਂ ਵੱਡੇ ਹੱਕ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਖੇਤੀਬਾੜੀ ਖੋਜ ਵਿੱਚ ਪਹਿਲਾਂ ਵਾਂਗ ਵਿਸ਼ਵ ਸਰਦਾਰ ਬਣਾਉ। ਡਾ. ਬੋਰਲਾਗ ਦੇ ਭਾਸ਼ਣ ਮੌਕੇ ਜਿਥੇ ਸਾਬਕਾ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਖਹਿਰਾ ਹਾਜ਼ਰ ਸਨ, ਉਥੇ ਡਾ. ਬੋਰਲਾਗ ਨਾਲ ਕੰਮ ਕਰ ਚੁੱਕੇ ਵਿਗਿਆਨੀ ਡਾ. ਗੋਬਿੰਦਰ ਸਿੰਘ ਨੰਦਾ ਅਤੇ ਕਈ ਹੋਰ ਸਿਰ ਕੱਢ ਵਿਅਕਤੀ ਹਾਜ਼ਰ ਸਨ।
            ਡਾ. ਬੋਰਲਾਗ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਅੱਜ ਸਿਰਫ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਵਿਗਿਆਨ ਜਗਤ ਦਾ ਬਾਬਲ ਚਲਾ ਗਿਆ ਹੈ। ਉਹਨਾਂ ਆਖਿਆ ਕਿ ਡਾ. ਬੋਰਲਾਗ ਲੰਮਾ ਸਮਾਂ ਲਗਭਗ ਹਰ ਵਰੇ• ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫੇਰੀ ਤੇ ਆਉਂਦੇ ਸਨ ਅਤੇ ਇਥੇ ਹੋ ਰਹੀ ਕਣਕ ਖੋਜ ਨੂੰ ਨਵੀਂਆਂ ਸੇਧਾਂ ਪ੍ਰਦਾਨ ਕਰਦੇ ਸਨ। ਉਹਨਾਂ ਦੀ ਅਗਵਾਈ ਥੱਲੇ ਡਾ. ਦਿਲਬਾਗ ਸਿੰਘ ਅਠਵਾਲ, ਡਾ. ਖੇਮ ਸਿੰਘ ਗਿੱਲ ਅਤੇ ਉਹਨਾਂ ਤੋਂ ਬਾਅਦ ਹੁਣ ਤੀਕ ਦੇ ਕਣਕ ਵਿਗਿਆਨੀ ਵੱਧ ਝਾੜ ਦੇਣ ਵਾਲੀਆਂ ਕਣਕ ਦੀਆਂ ਕਿਸਮਾਂ ਵਿਕਸਤ ਕਰ ਰਹੇ ਹਨ। ਡਾ. ਕੰਗ ਨੇ ਦੱਸਿਆ ਕਿ ਡਾ. ਮਹਿੰਦਰ ਸਿੰਘ ਰੰਧਾਵਾ ਨੇ ਵਾਈਸ ਚਾਂਸਲਰ ਹੁੰਦਿਆਂ ਡਾ. ਬੋਰਲਾਗ ਨੂੰ 1969 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਡੀ ਐਸ ਸੀ ਦੀ ਡਿਗਰੀ ਜਦ ਸਨਮਾਨਿਤ ਕੀਤਾ ਤਾਂ ਉਹਨਾਂ ਨੇ ਵੀ ਉਸੇ ਕਨਵੋਕੇਸ਼ਨ ਵਿੱਚ ਬੀ ਐਸ ਸੀ ਖੇਤੀਬਾੜੀ ਦੀ ਡਿਗਰੀ ਪ੍ਰਾਪਤ ਕੀਤੀ। ਡਾ. ਕੰਗ ਨੇ ਆਪਣੇ ਨਾਲ ਨਿੱਜੀ ਸਬੰਧਾਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਅਕਸਰ ਸਿਤਾਰਿਆਂ ਤੋਂ ਅੱਗੇ ਨਜਰ ਪਹੁੰਚਾਉਣ ਦੀ ਗੱਲ ਕਰਿਆ ਕਰਦੇ ਸਨ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜੇ ਤਾਰਿਆਂ ਤੀਕ ਨਾ ਵੀ ਪਹੁੰਚਿਆ ਜਾ ਸਕੇ ਤਾਂ ਤਾਰਿਆਂ ਦੀ ਚਾਨਣੀ ਮਾਨੀ ਜਾ ਸਕਦੀ ਹੈ। ਡਾ. ਕੰਗ ਨੇ ਆਖਿਆ ਕਿ 21ਵੀਂ ਸਦੀ ਦੀਆਂ ਅਨਾਜ ਜਰੂਰਤਾਂ ਅਤੇ ਚੁਣੌਤੀਆਂ ਨੂੰ ਜਦ ਵੀ ਰੂਬਰੂ ਹੋਵਾਂਗੇ ਤਾਂ ਸਾਨੂੰ ਡਾ. ਬੋਰਲਾਗ ਚੇਤੇ ਆਉਣਗੇ।
        ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ, ਡਾ. ਅਮਰਜੀਤ ਸਿੰਘ ਖਹਿਰਾ, ਡਾ. ਸਰਦਾਰਾ ਸਿੰਘ ਜੌਹਲ ਅਤੇ ਡਾ. ਕ੍ਰਿਪਾਲ ਸਿੰਘ ਔਲਖ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ ਪੀ ਸਿੰਘ ਨੇ ਵੀ ਡਾ. ਨੌਰਮਨ ਈ ਬੌਰਲਾਗ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
        ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾ. ਮੁਖਤਾਰ ਸਿੰਘ ਗਿੱਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਜਗਤਾਰ ਸਿੰਘ ਧੀਮਾਨ ਨੇ ਵੀ ਡਾ. ਬੋਰਲਾਗ ਦੇ ਦੇਹਾਂਤ ਦੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 14 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਹੋਣ ਵਾਲਾ ਕਿਸਾਨ ਮੇਲਾ ਡਾ. ਬੋਰਲਾਗ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au