ਕਰਮਜੀਤ ਸਿੰਘ
ਯੂਗੋਸਲਾਵੀਆ ਦੀ ਇਕ ਕਹਾਵਤ ਹੈ ਕਿ ਜੇ ਬੰਦੇ ਦੀ ਅਸਲੀਅਤ ਵੇਖਣੀ ਹੋਵੇ ਤਾਂ ਉਸ ਨੂੰ ਤਾਕਤ ਦੀ ਕੁਰਸੀ ਉਤੇ ਬਿਠਾ ਕੇ ਵੇਖੋ। ਇਹੋ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ ਜਿਥੇ ਵੱਡੇ ਬਾਦਲ ਸਾਹਿਬ ਅਤੇ ਛੋਟੇ ਬਾਦਲ ਸਾਹਿਬ ਤਾਕਤ ਦੇ ਬੇਲਗਾਮ ਘੋੜੇ ਉਤੇ ਸਵਾਰ ਹੋ ਕੇ ਇਹ ਨਹੀਂ ਜਾਣਦੇ ਕਿ ਜਿਹੜੇ ਪੰਛੀ ਆਪਣੇ ਖੰਭਾਂ ਨੂੰ ਲੋੜ ਤੋਂ ਜ਼ਿਆਦਾ ਫੜਫੜਾਉਂਦੇ ਹਨ, ਉਹ ਇਨ੍ਹਾਂ ਨੂੰ ਗਵਾ ਵੀ ਲੈਂਦੇ ਹਨ। ਰਾਜਸੀ ਸੂਤਰਾਂ ਅਨੁਸਾਰ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਨਾਲ ਸਾਬਕਾ ਖਾੜਕੂ ਆਗੂ ਦੀ ਰਾਜਸੀ ਚੜ੍ਹਤਲ ਵਿਚ ਹੋਰ ਵਾਧਾ ਹੋਵੇਗਾ ਅਤੇ ਇਹ ਕਾਰਵਾਈ ਸੁਖਬੀਰ ਬਾਦਲ ਦੇ ਰਾਜਨੀਤਕ ਭਵਿੱਖ ਲਈ ਮਹਿੰਗੀ ਵੀ ਪੈ ਸਕਦੀ ਹੈ। ਅੰਗਰੇਜ਼ੀ ਦੇ ਇਕ ਕੌਮੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਇਕ ਸੰਜੀਦਾ ਪੱਤਰਕਾਰ ਦੀ ਇਸ ਟਿੱਪਣੀ ਵਿਚ ਰਾਜਨੀਤਕ ਸੱਚਾਈ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫ਼ਤਾਰੀ ਦਾ ਮੁੱਖ ਕਾਰਨ ਇਹ ਸੀ ਕਿ ਉਸ ਦਾ ਮਾਲਵੇ ਦੇ ਖ਼ੇਤਰ ਵਿਚ ਤੇਜ਼ੀ ਨਾਲ ਵਧ ਰਿਹਾ ਜਨਤਕ ਆਧਾਰ ਅਤੇ ਲੋਕਪ੍ਰਿਯਤਾ ਸੀ। ਸੂਤਰਾਂ ਅਨੁਸਾਰ ਬਾਦਲ ਅਕਾਲੀ ਦਲ ਵੀ ਇਸੇ ਖੇਤਰ ਵਿਚੋਂ ਆਪਣੀ ਰਾਜਨੀਤਕ ਖੁਰਾਕ ਲੈ ਰਿਹਾ ਹੈ। ਇਸ ਲਈ ਸੱਤਾ ਦਾ ਅਨੰਦ ਮਾਣ ਰਹੇ ਬਾਦਲ ਪਰਿਵਾਰ ਦੀ ਇਹੋ ਇੱਛਾ ਹੈ ਕਿ ਇਸ ਜੰਗਲ ਵਿਚ ਇਕੋ ਸ਼ੇਰ ਰਹਿਣਾ ਚਾਹੀਦਾ ਹੈ।
ਨਿਰਪੱਖ ਰਾਜਨੀਤਕ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਭਾਈ ਦਲਜੀਤ ਸਿੰਘ ਹਥਿਆਰਬੰਦ ਜਦੋਜਹਿਦ ਦਾ ਰਾਹ ਤਿਆਗ ਕੇ ਇੱਕ ਵੱਖਰੀ ਪਾਰਟੀ ਬਣਾ ਕੇ ਰਾਜਨੀਤਕ ਮੈਦਾਨ ਵਿਚ ਉਤਰੇ ਹਨ, ਉਦੋਂ ਤੋਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਆਪਣਾ ਉਭਰਦਾ ਸ਼ਰੀਕ ਸਮਝ ਰਹੇ ਹਨ।
ਇਨ੍ਹਾਂ ਸੂਤਰਾਂ ਦੀ ਇਹ ਵਿਅੰਗਮਈ ਟਿੱਪਣੀ ਬੜੀ ਦਿਲਚਸਪ ਹੈ ਕਿ ਰਾਜਨੀਤਕ ਚਾਲਾਂ ਦੇ ਧਨੰਤਰ ਬਾਦਲ ਸਾਹਿਬ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਸ਼ਰੀਕ ਨੂੰ ਦੇਸ਼ ਦਾ ਦੁਸ਼ਮਣ ਤੇ ਫਿਰ ਦੁਸ਼ਮਣ ਤੋਂ ਦਹਿਸ਼ਤਗਰਦ ਸਥਾਪਿਤ ਕਰਨ ਵਿਚ ਆਪਣੀ ਤਾਕਤ ਦੇ ਵਸੀਲਿਆਂ ਨੂੰ ਕਿਵੇਂ ਤੇ ਕਦੋਂ ਵਰਤਣਾ ਹੈ। ਦੂਜੇ ਪਾਸੇ ਕਾਨੂੰਨ ਦੇ ਨੱਕ ਨੂੰ ਮੋਮ ਵਾਂਗ ਵਰਤਣ ਅਤੇ ਢਾਲਣ ਦੀ ਜਾਚ ਵਿਚ ‘‘ਬਾਦਲ ਸਕੂਲ ਆਫ ਥਾਟ’’ ਦਾ ਕੋਈ ਮੁਕਾਬਲਾ ਨਹੀਂ।
ਪੁਲਿਸ ਅਤੇ ਮੀਡੀਏ ਦਾ ਇਕ ਹਿੱਸਾ ਬਾਦਲਾਂ ਦੀ ਮਾਨਸਿਕਤਾ ਵਿਚ ਹੁੰਮ-ਹੁਮਾ ਕੇ ਬਿਨਾਂ ਸ਼ਰਤ ਆਪਣਾ ਹਿੱਸਾ ਵੀ ਪਾ ਰਿਹਾ ਹੈ। ਕੁਝ ਸੋਝੀਵਾਨ ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪੰਜਾਬ ਪੁਲਿਸ ਦਾ ਇਕ ਹਿੱਸਾ ਜਿਸ ਦੇ ਮੂੰਹ ਨੂੰ ਖਾੜਕੂ ਲਹਿਰ ਦੌਰਾਨ ਅਤੇ ਉਸ ਦੇ ਪੱਤਣ ਦੌਰਾਨ ਲਹੂ ਦੇ ਕਈ ਰੰਗ ਲੱਗੇ ਹੋਏ ਸਨ, ਉਹ ਇਸ ਸੂਬੇ ਨੂੰ ਬਲਦੀ ਭੱਠੀ ਵਿਚ ਹੀ ਰੱਖਣਾ ਚਾਹੁੰਦਾ ਹੈ। ਪੁਲਿਸ ਦੇ ਇਸ ਹਿੱਸੇ ਨੇ ਰਾਜਸੀ ਮਨੋਵਿਗਿਆਨੀਆਂ ਤੋਂ ਇਹ ਸਲਾਹ ਲੈ ਰੱਖੀ ਹੈ ਕਿ ਬਾਦਲ ਪਰਿਵਾਰ ਦੇ ਮਨਾਂ ਵਿਚ ਖਾੜਕੂਆਂ ਦਾ ਡਰ ਇਸ ਹੱਦ ਤਕ ਪਾ ਦਿਓ ਕਿ ਇਸ ਪਰਿਵਾਰ ਵਿਚੋਂ ਰਾਜਨੀਤਕ ਸਿਆਣਪ, ਦੂਰ-ਅੰਦੇਸ਼ੀ ਅਤੇ ਨੀਤੀ ਦੇ ਸਾਰੇ ਗੁਣ ਪੂਰੀ ਤਰ੍ਹਾਂ ਗਾਇਬ ਹੋ ਜਾਣ। ਇਹ ਮਨੋਵਿਗਿਆਨਕ ਤੱਥ ਹੈ ਕਿ ਜਿੱਥੇ ਡਰ ਹੋਵੇ ਉਥੇ ਸਿਆਣਪ ਗੈਰ ਹਾਜ਼ਰ ਹੋ ਜਾਂਦੀ ਹੈ। ਸੂਤਰਾਂ ਮੁਤਾਬਕ ‘ਖਾੜਕੂ ਆਏ, ਫਿਰ ਆਏ’ ਦਾ ਭਿਆਨਕ ਡਰ ਤੇ ਕਾਂਬਾ ਦੂਰ ਕਰਨ ਲਈ ਜ਼ਰੂਰੀ ਸੀ ਕਿ ਕਿਸੇ ਅਜਿਹੇ ਰਾਜਸੀ ਵਿਅਕਤੀ ਦੀ, ਜਿਸ ਦਾ ਪਿਛੋਕੜ ਖਾੜਕੂ ਹੋਵੇ, ਉਸ ਦੀ ਬਲੀ ਲਈ ਜਾਂਦੀ, ਜਿਸ ਨਾਲ ਇਕ ਪਾਸੇ ਮੂੰਹ-ਜ਼ੋਰ ਆ ਰਹੀਆਂ ਰਾਜਸੀ ਰੁਕਾਵਟਾਂ ਖਤਮ ਹੋਣ ਅਤੇ ਦੂਜਾ ਪੁਲਿਸ ਦਾ ਤੋਰੀ ਫੁਲਕਾ ਵੀ ਸੁੱਖ ਨਾਲ ਚਲਦਾ ਰਹੇ। ਇਸ ਉਦੇਸ਼ ਲਈ ਬਾਦਲ ਪਰਿਵਾਰ ਦੇ ਇਰਦ ਗਿਰਦ ਜੁੜੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਿ ਸਭ ਤੋਂ ਤਿੱਖਾ ਰਾਜਨੀਤਕ ਕੰਡਾ ਦਲਜੀਤ ਸਿੰਘ ਬਿੱਟੂ ਹੀ ਹੈ, ਉਸ ਨੂੰ ਨੱਥ ਪਾਓ ਅਤੇ ਬਾਕੀ ਰਾਜਸੀ ਕੰਡੇ ਜਾਂ ਤਾਂ ਆਪਣੇ ਆਪ ਖੁੰਡੇ ਹੋ ਜਾਣਗੇ ਅਤੇ ਜੇ ਖੁੰਡੇ ਨਾ ਵੀ ਹੋਣ ਤਾਂ ਵੀ ਉਹਨਾਂ ਦੀ ਸੰਭਾਵੀ ਏਕਤਾ ਨੂੰ ‘ਅਨੇਕਤਾ’ ਵਿਚ ਬਦਲਣ ਲਈ ਉਹਨਾਂ ਨੂੰ ਪਲੋਸਣ ਅਤੇ ਵਰਚਾਉਣ ਦੇ ਢੰਗ ਤਰੀਕੇ ਲੱਭਣੇ ਅਤੇ ਵਰਤਣੇ ਖੱਬੇ ਹੱਥ ਦੀ ਖੇਡ ਹੈ।
ਕੀ ਦਲਜੀਤ ਸਿੰਘ ਬਿੱਟੂ ਨੂੰ ¦ਮੇ ਅਰਸੇ ਤਕ ਜੇਲ੍ਹ ਵਿਚ ਨਜ਼ਰਬੰਦ ਰੱਖਣ ਜਾਂ ਉਸ ਨੂੰ ਮੁਕੱਦਮਿਆਂ ਵਿਚ ਉਲਝਾਉਣ ਜਾਂ ਉਸ ਦੀ ਪਾਰਟੀ ਦੇ ਕਾਰਕੁੰਨਾਂ ਦੇ ਹੌਂਸਲੇ ਡੇਗਣ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤਕ ਸਾਖ਼ ਨੂੰ ਧੱਕਾ ਲੱਗ ਸਕਦਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਉਹਨਾਂ ਦਾ ਲਾਡਲਾ ਮੁੱਖ ਮੰਤਰੀ ਦਾ ਤਾਜ ਸਜਾਉਣ ਲਈ ਕਾਹਲਾ ਹੈ? ਰਾਜਨੀਤਕ ਸੂਤਰ ਇਸ ਸਵਾਲ ਦੇ ਕਈ ਜਵਾਬ ਦੇ ਰਹੇ ਹਨ। ਇਕ ਜਵਾਬ ਤਾਂ ਇਹ ਹੈ ਕਿ ਦਲਜੀਤ ਬਿੱਟੂ ਜੇ ਹਥਿਆਰਬੰਦ ਜਦੋਜਹਿਦ ਵਿਚ ਖਾੜਕੂਆਂ ਦਾ ਬੌਧਿਕ ਤਰਜਮਾਨ ਸੀ ਤਾਂ ਹੁਣ ਲੋਕ ਰਾਜ ਦੀ ਜਦੋਜਹਿਦ ਵਿਚ ਉਹ ਹੰਢਿਆ ਹੋਇਆ ਸਿਆਸੀ ਆਗੂ ਸਾਬਿਤ ਹੋ ਚੁੱਕਿਆ ਹੈ। ਪਰ ਇਸ ਜਵਾਬ ਤੋਂ ਇਕ ਵੱਖਰਾ ਜਵਾਬ ਇਹ ਵੀ ਹੈ ਕਿ ਭਾਵੇਂ ਉਹ ਧੀਰਜ, ਠਰੰ੍ਹਮਾ, ਦੂਰ-ਅੰਦੇਸ਼ ਸੋਚ ਅਤੇ ਦ੍ਰਿੜ੍ਹ ਇਰਾਦੇ ਦਾ ਮਾਲਕ ਹੈ ਪਰ ਫਿਰ ਵੀ ਵਿਰੋਧੀ ਹਾਲਤਾਂ ਤੇ ਤਾਕਤਾਂ ਉਸ ਨੂੰ ਉਖਾੜਨ ਵਿਚ ਜਾਂ ਤਾਂ ਇਕ ਮੱਤ ਹਨ ਅਤੇ ਜਾਂ ਉਸ ਦੀ ਜਥੇਬੰਦਕ ਰੂਪ ਵਿਚ ਖ਼ਾਮੋਸ਼ ਮੁਖਾਲਫ਼ਤ ਦੀ ਕੁਟਿਲ ਨੀਤੀ ਅਖ਼ਤਿਆਰ ਕਰ ਰਹੀਆਂ ਹਨ। ਰਾਜਨੀਤਕ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦਲਜੀਤ ਸਿੰਘ ਬਿੱਟੂ ਦੀ ਗ਼੍ਰਿਫ਼ਤਾਰੀ ਤੇ ਖ਼ਾਮੋਸ਼ ਹੈ ਕਿਉਂਕਿ ਅਮਨ ਕਾਨੂੰਨ ਦਾ ਮਸਲਾ ਸੂਬੇ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਇਸ ਵਿਚ ਵੀ ਸੂਤਰਾਂ ਅਨੁਸਾਰ ਕੇਂਦਰ ਦੀ ਇਕ ਚਾਲ ਹੈ ਤਾਂ ਜੋ ਸਿੱਖਾਂ ਵਿਚ ਬਾਦਲ ਦਾ ਰਹਿੰਦਾ-ਖੂੰਹਦਾ ਧਾਰਮਿਕ ਪ੍ਰਭਾਵ ਵੀ ਘਟੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਚਾਲ ਨਾਲ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਦਲ ਨੂੰ ਕਮਜ਼ੋਰ ਕਰਨ ਲਈ ਰਾਹ ਪੱਧਰਾ ਹੋਵੇਗਾ। ਪੁਲਿਸ ਸੂਤਰਾਂ ਵਲੋਂ ਭਾਈ ਦਲਜੀਤ ਸਿੰਘ ਨੂੰ ਹਾਲ ਵਿਚ ਹੋਈਆਂ ਹਿੰਸਕ ਵਾਰਦਾਤਾਂ ਨਾਲ ਜੋੜਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਦਿਸ਼ਾ ਵਿਚ ਮੀਡੀਆ ਵਿਚ ਬੈਠੇ ਪੁਲਿਸ ਦੇ ‘ਦੋਸਤਾਂ’ ਨੂੰ ਬੁਲਾ ਬੁਲਾ ਕੇ ਮਨਘੜ੍ਹਤ ਕਹਾਣੀਆਂ ਅਤੇ ਖ਼ਬਰਾਂ ਪਲਾਂਟ ਕੀਤੀਆਂ ਜਾ ਰਹੀਆਂ ਹਨ। ਇਹ ਉਸੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹੋ ਜਿਹਾ ਖਾੜਕੂ ਲਹਿਰ ਦੌਰਾਨ ਸਿਰਜਿਆ ਗਿਆ ਸੀ। ਭਾਈ ਦਲਜੀਤ ਸਿੰਘ ਦਾ ਖਾੜਕੂ ਪਿਛੋਕੜ ਹੋਣ ਕਰਕੇ ਉਹਨਾਂ ਨੂੰ ਹਿੰਸਕ ਵਾਰਦਾਤਾਂ ਨਾਲ ਜੋੜਨ ਲਈ ਪੁਲਿਸ ਅਤੇ ਸਰਕਾਰ ਨੂੰ ਕੋਈ ਵਿਸ਼ੇਸ਼ ਤਰੱਦਦ ਨਹੀਂ ਕਰਨਾ ਪੈਂਦਾ। ਇਹੋ ਕਾਰਨ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਿੱਛੋਂ ਤਮਾਮ ਰਾਜਸੀ ਪਾਰਟੀਆਂ ਕਿਸੇ ਨਾ ਕਿਸੇ ਰੂਪ ਵਿਚ ਪੁਲਿਸ ਤੇ ਸਰਕਾਰ ਦੀਆਂ ਪੁਜ਼ੀਸ਼ਨਾਂ ਨੂੰ ਖ਼ਾਮੋਸ਼ ਸਹਿਮਤੀ ਦੇ ਰਹੀਆਂ ਹਨ ਅਤੇ ਖੁੱਲ੍ਹ ਕੇ ਇਸ ਗੈਰ-ਸੰਵਿਧਾਨਕ ਕਾਰਵਾਈ ਵਿਰੁੱਧ ਆਪਣੀ ਆਵਾਜ਼ ਬੁ¦ਦ ਨਹੀਂ ਕਰ ਰਹੀਆਂ। ਇਕ ਉਘੇ ਰਾਜਨੀਤਕ ਨੇਤਾ ਨੇ ਦੱਸਿਆ ਕਿ ਬਾਦਲ ਸਾਹਿਬ ਨੇ ਇਨ੍ਹਾਂ ਰਾਜਸੀ ਆਗੂਆਂ ਦੀ ਆਜ਼ਾਦ ਰਾਏ ਨੂੰ ਵੀ ਹਾਈਜੈਕ ਕਰ ਲਿਆ ਹੈ।
ਪੰਚ ਪ੍ਰਧਾਨੀ ਦੇ ਸੂਤਰਾਂ ਮੁਤਾਬਿਕ ਹਾਲ ਵਿਚ ਹੋਈਆਂ ਵਾਰਦਾਤਾਂ ਨਾਲ ਪਾਰਟੀ ਦਾ ਕੋਈ ਸੰਬੰਧ ਨਹੀਂ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਤੇ ਸਰਕਾਰ ਦੇ ਉਚ ਸੂਤਰ ਵੀ ਇਸ ਤੱਥ ਨੂੰ ਸਵੀਕਾਰ ਕਰਦੇ ਹਨ। ਪਰ ਉਹ ਇਹ ਚਾਹੁੰਦੇ ਹਨ ਕਿ ਦਲਜੀਤ ਸਿੰਘ ਲਕੀਰ ਦੇ ਉਸ ਪਾਸੇ ਵੱਲ ਹੋ ਕੇ ਇਨ੍ਹਾਂ ਵਾਰਦਾਤਾਂ ਦੀ ਉਸੇ ਜ਼ੋਰ ਨਾਲ ਨਿੰਦਾ ਕਰੇ ਜਿਵੇਂ ਉਹ ਕਰ ਰਹੇ ਹਨ ਪਰ ਨਿਰਪੱਖ ਸੂਤਰਾਂ ਦਾ ਇਹ ਕਹਿਣਾ ਹੈ ਕਿ ਭਾਈ ਦਲਜੀਤ ਸਿੰਘ ਦੀ ਹੰਢੀ ਹੋਈ ਰਾਜਨੀਤਕ ਸ਼ਖਸੀਅਤ ਕਿਸੇ ਵੀ ਹਾਲਤ ਵਿਚ ਲਕੀਰ ਦੇ ਦੂਜੇ ਪਾਸੇ ਨਹੀਂ ਜਾਵੇਗੀ। ਲਕੀਰ ਦੇ ਇਸ ਪਾਸੇ ਵੱਲ ਰਹਿ ਕੇ ਹੀ ਉਸ ਦੀ ਰਾਜਨੀਤਕ ਤਾਕਤ ਅਤੇ ਦ੍ਰਿੜ੍ਹਤਾ ਦਾ ਸਿੱਕਾ ਲੋਕਾਂ ਵਿਚ ਜਮ ਸਕੇਗਾ। ਪਾਰਟੀ ਦੇ ਸੂਤਰਾਂ ਅਨੁਸਾਰ ਕਰੀਬ 100 ਤੋਂ ਉਪਰ ਪਾਰਟੀ ਦੇ ਵਰਕਰ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਤੋਂ ਫੜੇ ਜਾ ਚੁੱਕੇ ਹਨ। ਦਰਜਨਾਂ ਵਰਕਰਾਂ ਉਤੇ ਝੂਠੇ ਮੁਕੱਦਮੇ ਪਾਏ ਗਏ ਅਤੇ ਉਹਨਾਂ ਨੂੰ ਭਾਈ ਦਲਜੀਤ ਸਿੰਘ ਤੋਂ ਦੂਰੀ ਰੱਖਣ ਲਈ ਲਾਲਚ ਦਿੱਤੇ ਜਾ ਰਹੇ ਹਨ। ਹਾਲਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਫੜੇ ਗਏ ਵਰਕਰਾਂ ਦੀ ਪੈਰਵੀ ਕਰਨ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪਾਰਟੀ ਨੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹਨਾਂ ਨੂੰ ਬਾਦਲ ਸਰਕਾਰ ਦੀਆਂ ਗੈਰ-ਸੰਵਿਧਾਨਕ, ਗੈਰ-ਜਮਹੂਰੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਭਾਈ ਦਲਜੀਤ ਸਿੰਘ ਸਮੇਤ ਫੜੇ ਆਗੂਆਂ ਅਤੇ ਵਰਕਰਾਂ ਦੀ ਰਿਹਾਈ ਕਰਵਾਈ ਜਾਵੇ। ਪਾਰਟੀ ਦੇ ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਰਾਜਪਾਲ ਨਾਲ ਮੁਲਾਕਾਤ ਕਰਨ ਲਈ 2 ਸਤੰਬਰ ਦਾ ਸਮਾਂ ਮੰਗਿਆ ਗਿਆ ਹੈ। ਉਧਰ ਰਾਜ ਭਵਨ ਦੇ ਸੂਤਰਾਂ ਨੇ ਦੱਸਿਆ ਕਿ ਮੁਲਾਕਾਤ ਸੰਬੰਧੀ 1 ਸਤੰਬਰ ਨੂੰ ਜਾਣਕਾਰੀ ਦਿੱਤੀ ਜਾਵੇਗੀ। ਪਾਰਟੀ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਠਿੰਡਾ ਤੋਂ ਇਕ ਵੱਡਾ ਰੋਸ ਮਾਰਚ ਕੱਢੇ ਜਾਣ ਦੀ ਸੰਭਾਵਨਾ ਹੈ ਜਿਹੜਾ ਰੋਸ ਮਾਰਚ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਤੱਕ ਪਹੁੰਚੇਗਾ ਅਤੇ ਇੰਜ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਏਗਾ।



